ਕਾਂਗਰਸ ਦੇ ਰਾਜ ਸਮੇਂ 5 ਸਾਲਾਂ ਦੌਰਾਨ 61,286 ਕਰੋੜ ਰੁਪਏ ਹੋਈ ਸੀ GST ਕੁਲੈਕਸ਼ਨ
ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਚੰਡੀਗੜ੍ਹ ’ਚ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ 4 ਸਾਲਾਂ ਦੇ ਕਾਰਜਕਾਲ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ 2017 ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਵਜੋਂ ਭੂਮਿਕਾ ਨਿਭਾਈ ਅਤੇ ਅਸੀਂ ਪੰਜਾਬ ਵਿਧਾਨ ਸਭਾ ’ਚ ਲੋਕਾਂ ਦੀ ਗੱਲ ਰੱਖੀ । ਇਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਵੱਡਾ ਬਹੁਮਤ ਮਿਲਿਆ ਅਤੇ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਇਆ।
4 ਸਾਲ ਪੂਰੇ ਹੋਣ 'ਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਜੇਕਰ ਜੀਐੱਸਟੀ ਨੂੰ ਵੇਖੀਏ ਤਾਂ ਕਾਂਗਰਸ ਦੇ ਸਮੇਂ ਤੋਂ ਹੁਣ ਤੱਕ 46 ਮਹੀਨਿਆਂ ਵਿੱਚ ਪੰਜਾਬ ਨੇ 83,739 ਕਰੋੜ ਰੁਪਏ ਜੀਐੱਸਟੀ ਇਕੱਠਾ ਕਰ ਲਿਆ ਹੈ, ਜਿਸ ਵਿੱਚੋਂ 14 ਮਹੀਨੇ ਦਾ ਰੈਵੇਨਿਊ ਅਜੇ ਪੰਜਾਬ ਨੂੰ ਆਉਣਾ ਬਾਕੀ ਹੈ। ਜਦਿਕ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਪੰਜ ਸਾਲਾਂ ਦੌਰਾਨ 61,286 ਕਰੋੜ ਰੁਪਏ ਦੀ GST ਕੁਲੈਕਸ਼ਨ ਹੋਈ ਸੀ।
ਪੰਜਾਬ ਵਿੱਚ ਐਕਸਾਈਜ਼ ਮਾਲੀਏ ਨੂੰ ਵੇਖੀਏ ਤਾਂ ਅਕਾਲੀ-ਭਾਜਪਾ ਦੇ 5 ਸਾਲਾਂ ਵਿੱਚ 20,545 ਕਰੋੜ ਰੁਪਏ, ਕਾਂਗਰਸ ਦੇ 27,395 ਕਰੋੜ ਰੁਪਏ ਸਨ ਅਤੇ ‘ਆਪ’ ਦੇ ਕਾਰਜਕਾਲ 37,975 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ। ਸਟੈਂਪ ਅਤੇ ਰਜਿਸਟਰੀ ਵਿੱਚ ਅਕਾਲੀ-ਭਾਜਪਾ ਦੇ 5 ਸਾਲਾਂ ਵਿੱਚ 12,387 ਕਰੋੜ ਰੁਪਏ ਅਤੇ ਕਾਂਗਰਸ ਦੇ 5 ਸਾਲਾਂ ਵਿੱਚ 12,469 ਕਰੋੜ ਰੁਪਏ ਸਨ, ਜਿਸ ਵਿੱਚ ਸਿਰਫ਼ 80 ਕਰੋੜ ਰੁਪਏ ਦੀ ਵਾਧਾ ਹੋਇਆ, ਜੋ ਦੱਸਦਾ ਹੈ ਕਿ ਪੰਜਾਬ ਲਈ ਸੱਚਾ ਪਿਆਰ ਨਹੀਂ ਸੀ। ਹੁਣ ਆਪ ਪਾਰਟੀ ਸਰਕਾਰ ਵਿੱਚ 19,515 ਕਰੋੜ ਰੁਪਏ ਅੱਜ ਤੱਕ ਪੰਜਾਬ ਦੇ ਖਜ਼ਾਨੇ ਵਿੱਚ ਆ ਚੁੱਕੇ ਹਨ।
ਪੰਜਾਬ ਵਿੱਚ ਖਰਚ (ਕੈਪੀਟਲ ਐਕਸਪੈਂਡੀਚਰ) ਅਕਾਲੀ-ਭਾਜਪਾ ਦੇ 5 ਸਾਲਾਂ ਵਿੱਚ 14,641 ਕਰੋੜ ਰੁਪਏ ਸੀ, ਕਾਂਗਰਸ ਨੇ 19,356 ਕਰੋੜ ਖਰਚ ਕੀਤਾ ਅਤੇ ਆਪ ਪਾਰਟੀ ਨੇ 32,630 ਕਰੋੜ ਰੁਪਏ ਖਰਚ ਕੀਤੇ ਹਨ।ਕਰਜ਼ੇ ਦੀ ਗੱਲ ਕਰੀਏ ਤਾਂ ਸਾਨੂੰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਮਿਲਿਆ ਸੀ। ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਵਿੱਚ ਚੜ੍ਹਿਆ ਕਰਜ਼ਾ ਸੀ, ਉਸ ਨੂੰ ਚੁਕਾਉਣ ਵਿੱਚ 35% ਪ੍ਰਿੰਸੀਪਲ ਅਮਾਊਂਟ ਵਾਪਸ ਕੀਤੀ ਹੈ, 50% ਵਿਆਜ ਅਦਾ ਕੀਤਾ ਹੈ ਅਤੇ ਸਿਰਫ਼ 15% ਸਾਡੇ ਕੋਲ ਬਚਿਆ ਹੈ। 85% ਪੈਸਾ ਪੁਰਾਣੇ ਕਰਜ਼ੇ ਚੁਕਾਉਣ ਵਿੱਚ ਲੱਗ ਗਿਆ। ਡੈਟ ਟੂ ਜੀਐੱਸਡੀਪੀ 48.25% ਮਿਲੀ ਸੀ, ਜਿਸ ਨੂੰ ਅਸੀਂ ਘਟਾ ਕੇ 44.47% 'ਤੇ ਲੈ ਆਏ ਹਾਂ, ਯਾਨੀ 4% ਘਟਾਇਆ ਹੈ।
ਲਿਕਵੀਡੇਸ਼ਨ ਪਲਾਨ ਵਿੱਚ ਪੇ ਕਮਿਸ਼ਨ ਵਧਾਉਣ 'ਤੇ 8 ਹਜ਼ਾਰ ਕਰੋੜ ਖਰਚ ਹੋਏ, ਫਿਰ ਕਰਮਚਾਰੀਆਂ ਦਾ 2016 ਤੋਂ 2021 ਤੱਕ ਦਾ ਏਰੀਅਰ 14,191 ਕਰੋੜ ਰੁਪਏ ਸੀ, ਜੋ ਪੈਨਸ਼ਨਰਾਂ ਨੂੰ ਮਿਲ ਗਿਆ ਹੈ ਅਤੇ ਰੈਗੂਲਰ ਨੂੰ ਮਿਲਣਾ ਸ਼ੁਰੂ ਹੋ ਚੁੱਕਾ ਹੈ।
