
ਗਹਿਲੋਤ ਵੀ ਵੱਡੇ ਹਨ, ਉਨ੍ਹਾਂ ਨਾਲ ਕੋਈ ਵੈਰ-ਵਿਰੋਧ ਨਹੀਂ
ਨਵੀਂ ਦਿੱਲੀ : ਰਾਜਸਥਾਨ ਵਿਚ ਸਿਆਸੀ ਸੰਕਟ ਖ਼ਤਮ ਹੋਣ ਮਗਰੋਂ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਉਸ ਦੇ ਅਤੇ ਉਸ ਦੇ ਹਮਾਇਤੀ ਵਿਧਾਇਕਾਂ ਦੁਆਰਾ ਚੁੱਕੇ ਗਏ ਮੁੱਦਿਆਂ ਦਾ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਦਾ ਭਰੋਸਾ ਦਿਤਾ ਹੈ ਅਤੇ ਉਨ੍ਹਾਂ ਕਿਸੇ ਅਹੁਦੇ ਦੀ ਜਾਂ ਕੋਈ ਹੋਰ ਮੰਗ ਨਹੀਂ ਰੱਖੀ।
Sachin Pilot
ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਵਿਅਕਤੀਤਵ ਨਾਲ ਵੈਰ-ਵਿਰੋਧ ਨਹੀਂ ਸਗੋਂ ਉਸ ਅਤੇ ਉਸ ਦੇ ਹਮਾਇਤੀ ਵਿਧਾਇਕਾਂ ਨੇ ਉਨ੍ਹਾਂ ਕਾਰਕੁਨਾਂ ਦੇ ਮਾਨ-ਸਨਮਾਨ ਲਈ ਸਰਕਾਰ ਦੇ ਕੰਮਕਾਜ ਦੇ ਮੁੱਦੇ ਚੁੱਕੇ ਜਿਨ੍ਹਾਂ ਨੇ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।
Sachin Pilot And Ashok Gehlot
ਪਾਇਲਟ ਨੇ ਪੱਤਰਕਾਰਾਂ ਨੂੰ ਕਿਹਾ, 'ਅਸੀਂ ਜਿਹੜੇ ਮੁੱਦੇ ਚੁਕੇ, ਉਹ ਬਹੁਤ ਜ਼ਰੂਰੀ ਸਨ। ਅਸੀਂ ਕਾਰਕੁਨਾਂ ਦੇ ਮਾਨ-ਸਨਮਾਨ ਦੇ ਮੁੱਦੇ ਚੁਕੇ ਸਨ। ਰਾਜਨੀਤੀ ਵਿਚ ਨਿਜੀ ਵੈਰ-ਵਿਰੋਧ ਦੀ ਕੋਈ ਥਾਂ ਨਹੀਂ। ਮੈਂ ਹਮੇਸ਼ਾ ਯਤਨ ਕੀਤਾ ਹੈ ਕਿ ਰਾਜਸੀ ਸੰਵਾਦ ਅਤੇ ਸ਼ਬਦਾਂ ਦੀ ਚੋਣ ਬਹੁਤ ਸੋਚ-ਸਮਝ ਕੇ ਹੋਵੇ।'
sachin pilot
ਉਨ੍ਹਾਂ ਕਿਹਾ, 'ਮੈਂ ਸਾਢੇ ਛੇ ਸਾਲ ਪ੍ਰਦੇਸ਼ ਪ੍ਰਧਾਨ ਵਜੋਂ ਕੰਮ ਕੀਤਾ। ਅਸੀਂ ਪੰਜ ਸਾਲ ਵਿਰੋਧੀ ਧਿਰ ਵਿਚ ਰਹੇ। 2013 ਵਿਚ ਕਾਂਗਰਸ ਕੋਲ 21 ਵਿਧਾਇਕ ਸਨ ਜਦ ਰਾਹੁਲ ਨੇ ਮੈਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿਤੀ। ਉਦੋਂ ਅਸੀਂ ਮਿਲ ਕੇ ਧਰਨਾ ਪ੍ਰਦਰਸ਼ਨ ਕੀਤੇ ਅਤੇ ਲੋਕਾਂ ਦੇ ਮੁੱਦੇ ਚੁੱਕੇ। ਇਹੋ ਕਾਰਨ ਸੀ ਕਿ 2018 ਵਿਚ ਸਾਨੂੰ ਬਹੁਮਤ ਮਿਲਿਆ।'
Sachin Pilot
ਉਨ੍ਹਾਂ ਕਿਹਾ, 'ਡੇਢ ਸਾਲ ਵਿਚ ਇਹ ਲੱਗਾ ਕਿ ਅਸੀਂ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰ ਰਹੇ, ਇਸ ਲਈ ਅਸੀਂ ਸਰਕਾਰ ਦੇ ਕੰਮਕਾਜ ਅਤੇ ਸ਼ਾਸਨ ਨਾਲ ਜੁੜੇ ਮੁੱਦੇ ਚੁੱਕੇ।' ਪਾਇਲਟ ਨੇ ਕਿਹਾ, 'ਅਸੀਂ ਪੀੜ ਦੱਸਣ ਲਈ ਮੰਚ ਦੀ ਵਰਤੋਂ ਕੀਤੀ। ਕਾਂਗਰਸ ਪ੍ਰਧਾਨ ਨੇ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਸਾਨੂੰ ਭਰੋਸਾ ਦਿਤਾ ਗਿਆ ਹੈ ਕਿ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਸਾਰੇ ਮੁੱਦਿਆਂ ਦਾ ਹੱਲ ਕੀਤਾ ਜਾਵੇਗਾ ਤਾਕਿ ਅਸੀਂ ਮੁੜ ਲੋਕਾਂ ਕੋਲ ਜਾਈਏ ਅਤੇ ਫ਼ਤਵਾ ਮਿਲੇ।' ਉਨ੍ਹਾਂ ਕਿਹਾ, 'ਗਹਿਲੋਤ ਵੀ ਵੱਡੇ ਹਨ, ਉਨ੍ਹਾਂ ਨਾਲ ਕੋਈ ਵੈਰ-ਵਿਰੋਧ ਨਹੀਂ। ਮੁੱਦਾ ਕੰਮਕਾਜ ਦੇ ਤਰੀਕੇ ਦਾ ਹੈ।'
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।