
ਜਾਣਕਾਰੀ ਅਨੁਸਾਰ ਗੱਡੀ ਵਿਚ 9 ਪੁਲਿਸ ਜਵਾਨ ਤੇ 2 ਸਥਾਨਕ ਲੋਕ ਸਵਾਰ ਸਨ
ਹਿਮਾਚਲ - ਹਿਮਾਚਲ ਪ੍ਰਦੇਸ਼ ਦੇ ਦੁਰਗਮ ਖੇਤਰ ਚੰਬਾ ਜ਼ਿਲ੍ਹੇ ਦੇ ਤੀਸਾ ਵਿਚ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿਚ 5 ਪੁਲਿਸ ਜਵਾਨਾਂ ਸਮੇਤ 6 ਦੀ ਮੌਤ ਹੋ ਗਈ। ਤੀਸਾ ਤੋਂ ਬੈਰਾਗੜ ਮਾਰਗ 'ਤੇ ਜਾ ਰਹੀ ਪੁਲਿਸ ਜਵਾਨਾਂ ਨਾਲ ਭਰੀ ਸੂਮੋ ਗੱਡੀ 'ਤੇ ਪਹਾੜੀ ਦਾ ਇਕ ਟੁਕੜਾ ਡਿੱਗ ਗਿਆ। ਇਸ ਨਾਲ ਸੂਮੋ ਗੱਡੀ ਪਲਟ ਕੇ ਨਦੀ ਵਿਚ ਡਿੱਗ ਗਈ ਜੋ ਕਿ 500 ਮੀਟਰ ਡੂੰਘੀ ਸੀ।
ਜਾਣਕਾਰੀ ਅਨੁਸਾਰ ਗੱਡੀ ਵਿਚ 9 ਪੁਲਿਸ ਜਵਾਨ ਤੇ 2 ਸਥਾਨਕ ਲੋਕ ਸਵਾਰ ਸਨ, ਜਿਹਨਾਂ ਵਿਚੋਂ 5 ਪੁਲਿਸ ਜਵਾਨਾਂ ਸਮੇਤ 6 ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 2-IRBn ਬਟਾਲੀਅਨ ਦੇ ਪੁਲਿਸ ਜਵਾਨ ਸੂਮੋ ਵਿਚ ਲੰਮੀ ਰੇਸ ਪੈਟਰੋਲੀਅਮ 'ਤੇ ਜਾ ਰਹੇ ਸਨ। ਇਸ ਦੌਰਾਨ ਤਰਵਾਈ ਨਾਮ ਦਾ ਕੋਈ ਸਥਾਨ ਹੈ ਜਿੱਥੇ ਇਹ ਹਾਦਸਾ ਵਾਪਰਿਆ।
ਜਦੋਂ ਗੱਡੀ 'ਤੇ ਪਹਾੜੀ ਡਿੱਗੀ ਤਾਂ ਗੱਡੀ ਵਿਚੋਂ ਕੁੱਝ ਲੋਕ ਪਲਟ ਕੇ ਬਾਹਰ ਡਿੱਗ ਗ ਤੇ ਉਹ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਹਿਚਾਣ ਸਬ-ਇੰਟਪੈਕਟਰ ਰਾਕੇਸ਼ ਗੌੜਾ, ਚੀਫ ਕਾਂਸਟੇਬਲ ਪ੍ਰਵੀਨ ਟੰਡਨ, ਕਾਂਸਟੇਬਲ ਕਮਲਜੀਤ, ਕਾਂਸਟੇਬਲ ਸਚਿਨ ਅਤੇ ਅਭਿਸ਼ੇਕ ਅਤੇ ਡਰਾਈਵਰ ਚੰਦੂ ਰਾਮ ਪੁੱਤਰ ਜੈਦਿਆਲ ਵਾਸੀ ਪਿੰਡ ਮੰਗਲੀ ਤਹਿਸੀਲ ਚੂਰਾਹ ਦੇ ਨਾਮ ਤੋਂ ਹੋਈ ਹੈ। ਦੂਜੇ ਪਾਸੇ ਹਾਦਸੇ ਵਿਚ ਕਾਂਸਟੇਬਲ ਅਕਸ਼ੈ ਕੁਮਾਰ, ਕਾਂਸਟੇਬਲ ਲਕਸ਼ਿਆ, ਕਾਂਸਟੇਬਲ ਸਚਿਨ, ਹੈੱਡ ਕਾਂਸਟੇਬਲ ਰਾਜੇਂਦਰ ਅਤੇ ਸਥਾਨਕ ਵਿਅਕਤੀ ਪੰਕਜ ਕੁਮਾਰ ਜ਼ਖ਼ਮੀ ਹੋ ਗਏ।
ਓਧਰ ਸਥਾਨਕ ਵਿਧਾਇਕ ਹੰਸਰਾਜ ਨੇ ਇਸ ਹਾਦਸੇ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਪਹਾੜੀ ਨੂੰ ਨਹੀਂ ਹਟਾਇਆ ਗਿਆ। ਜਿਸ ਕਾਰਨ ਅੱਜ ਇਹ ਹਾਦਸਾ ਵਾਪਰਿਆ। ਉਨ੍ਹਾਂ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਹੰਸਰਾਜ ਨੇ ਦਾਅਵਾ ਕੀਤਾ ਕਿ ਉਸ ਨੇ ਇਹ ਸੜਕ ਬੰਦ ਕਰਵਾ ਦਿੱਤੀ ਸੀ ਪਰ ਸਰਕਾਰ ਨੇ ਇਸ ਨੂੰ ਦੁਬਾਰਾ ਖੋਲ੍ਹ ਦਿੱਤਾ ਹੈ।