
ਕਿਹਾ, ਫੌਜ ਦੋ-ਤਿੰਨ ਦਿਨਾਂ ’ਚ ਮਨੀਪੁਰ ’ਚ ਸ਼ਾਂਤੀ ਲਿਆ ਸਕਦੀ ਹੈ ਪਰ ਸਰਕਾਰ ਤਾਇਨਾਤ ਨਹੀਂ ਕਰ ਰਹੀ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਦੋਸ਼ ਲਾਇਆ ਕਿ ਜਦੋਂ ਮਨੀਪੁਰ ਮਹੀਨਿਆਂ ਤੋਂ ਸੜ ਰਿਹਾ ਹੈ, ਕਤਲ ਅਤੇ ਬਲਾਤਕਾਰ ਹੋ ਰਹੇ ਹਨ ਤਾਂ ਅਜਿਹੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਸੰਸਦ ’ਚ ‘ਹਾਸਾ ਮਜ਼ਾਕ’ ਕੀਤਾ ਉਹ ਉਨ੍ਹਾਂ (ਪ੍ਰਧਾਨ ਮੰਤਰੀ) ਨੂੰ ਸ਼ੋਭਾ ਨਹੀਂ ਦਿੰਦਾ।
ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਇਹ ਦਾਅਵਾ ਕੀਤਾ ਕਿ ਮਨੀਪੁਰ ਨੂੰ ਦੋ ਹਿੱਸਿਆਂ ’ਚ ਵੰਡ ਦਿਤਾ ਗਿਆ ਹੈ ਅਤੇ ਉਥੋਂ ਭਾਰਤ ਦੀ ਸੋਚ (ਆਇਡੀਆ ਆਫ਼ ਇੰਡੀਆ) ਅਤੇ ਹਿੰਦੁਸਤਾਨ ਦਾ ਕਤਲ ਕਰ ਦਿਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਨਹੀਂ ਚਾਹੁੰਦੇ ਕਿ ਪੂਰਬ-ਉੱਤਰ ਦੇ ਇਸ ਸੂਬੇ ’ਚ ਲੱਗੀ ਅੱਗ ਬੁਝੇ।
ਮਨੀਪੁਰ ਦੀ ਸਥਿਤੀ ’ਤੇ ਕਾਂਗਰਸ ਪਾਰਟੀ ਦਾ ਬੇਭਰੋਸਗੀ ਮਤਾ ਡਿੱਗਣ ਤੋਂ ਇਕ ਦਿਨ ਬਾਅਦ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਲੋਕ ਸਭਾ ’ਚ ਅਪਣੇ ਦੋ ਘੰਟੇ ਤੋਂ ਵੱਧ ਸਮੇਂ ਦੇ ਭਾਸ਼ਣ ਦੌਰਾਨ ਮਨੀਪੁਰ ’ਤੇ ਸਿਰਫ ਦੋ ਮਿੰਟ ਹੀ ਗੱਲ ਕੀਤੀ।
ਐਨ.ਡੀ.ਏ. ਸਰਕਾਰ ਵਿਰੁਧ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ’ਤੇ ਲੋਕ ਸਭਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਾਂਗਰ ਅਤੇ ਕਈ ਹੋਰ ਵਿਰੋਧੀ ਧਿਰਾਂ ’ਤੇ ਤਿੱਖਾ ਹਮਲਾ ਕੀਤਾ ਸੀ।
ਉਨ੍ਹਾਂ ਕਿਹਾ ਸੀ ਕਿ ਮਨੀਪੁਰ ’ਚ ਸ਼ਾਂਤੀ ਬਹਾਲੀ ਲਈ ਸਾਰਿਆਂ ਨੇ ਮਿਲ ਕੇ ਕੰਮ ਕੀਤਾ ਅਤੇ ਉਥੋਂ ਦੇ ਲੋਕਾਂ ਲਈ ‘ਦਰਦ ਦੀ ਦਵਾ’ ਬਣਨ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਦੇਸ਼ ਦਾ ਪੂਰਬ-ਉੱਤਰ ਖੇਤਰ ਕੌਮਾਂਤਰੀ ਨਜ਼ਰੀਏ ਨਾਲ ‘ਕੇਂਦਰ ਬਿੰਦੂ’ ਬਣਨ ਨਾਲ ਹੈ ਅਤੇ ਮਨੀਪੁਰ ’ਚ ਸ਼ਾਂਤੀ ਦਾ ਸੂਰਜ ਉੱਗੇਗਾ। ਬੇਭਰੋਸਗੀ ਮਤਾ ਆਵਾਜ਼ ਰਾਹੀਂ ਵੋਟ ਨਾਲ ਖ਼ਾਰਜ ਕਰ ਦਿਤਾ ਗਿਆ ਸੀ।
ਰਾਹੁਲ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੇ ਲੋਕ ਸਭਾ ’ਚ ਦੋ ਘੰਟੇ 13 ਮਿੰਟ ਦਾ ਭਾਸ਼ਨ ਦਿਤਾ ਪਰ ਮਨੀਪੁਰ ’ਤੇ ਸਿਰਫ਼ ਦੋ ਮਿੰਟ ਹੀ ਬੋਲੇ। ਮਨੀਪੁਰ ’ਚ ਮਹੀਨਿਆਂ ਤੋਂ ਅੱਗ ਲੱਗੀ ਹੋਈ ਹੈ, ਲੋਕ ਮਾਰੇ ਜਾ ਰਹੇ ਹਨ, ਬਲਾਤਕਾਰ ਹੋ ਰਹੇ ਹਨ, ਬੱਚੇ ਮਾਰੇ ਜਾ ਰਹੇ ਹਨ ਅਤੇ ਪ੍ਰਧਾਨ ਮੰਤਰੀ ਹੱਸ-ਹੱਸ ਕੇ ਗੱਲਾਂ ਕਰ ਰਹੇ ਸਨ। ਮਜ਼ਾਕ ਕਰ ਰਹੇ ਸਨ। ਇਹ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ ਹੈ।’’
ਉਨ੍ਹਾਂ ਕਿਹਾ, “ਸੰਸਦ ’ਚ ਬੈਠੇ ਪ੍ਰਧਾਨ ਮੰਤਰੀ ਬੇਸ਼ਰਮੀ ਨਾਲ ਹੱਸ ਰਹੇ ਸਨ… ਮੁੱਦਾ ਕਾਂਗਰਸ ਜਾਂ ਮੈਂ ਨਹੀਂ ਸੀ, ਮੁੱਦਾ ਇਹ ਸੀ ਕਿ ਮਨੀਪੁਰ ’ਚ ਕੀ ਹੋ ਰਿਹਾ ਹੈ? ਅਤੇ ਇਸ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ।’’ ਉਨ੍ਹਾਂ ਕਿਹਾ ਕਿ ਮੋਦੀ ਜੀ ਇਸ ਗੱਲ ਨੂੰ ਨਹੀਂ ਸਮਝ ਪਾਉਂਦੇ ਕਿ ਭਾਰਤ ਦਾ ਪ੍ਰਧਾਨ ਮੰਤਰੀ ਹੋਣ ਕੀ ਹੈ। ਉਨ੍ਹਾਂ ਦਾਅਵਾ ਕੀਤਾ, ‘‘ਉਹ ਇਹ ਨਹੀਂ ਸਮਝ ਪਾਉਂਦੇ ਕਿ ਉਹ ਸਾਡੇ ਪ੍ਰਤੀਨਿਧੀ ਹਨ... ਪ੍ਰਧਾਨ ਮੰਤਰੀ ਨੂੰ ਇਕ ਮਾਮੂਲੀ ਨੇਤਾ ਜਾਂ ਕਿਸੇ ਪਾਰਟੀ ਦੇ ਨੇਤਾ ਵਾਂਗ ਨਹੀਂ ਬੋਲਣਾ ਚਾਹੀਦਾ... ਮੈਂ ਕਾਂਗਰਸ ਅਤੇ ਭਾਜਪਾ ਨਾਲ ਸਬੰਧ ਰੱਖਣ ਵਾਲੇ ਪ੍ਰਧਾਨ ਮੰਤਰੀਆਂ ਨੂੰ ਵੇਖਿਆ... ਵਾਜਪੇਈ ਜੀ ਨੂੰ ਵੇਖਿਆ, ਦੇਵਗੌੜਾ ਜੀ ਨੂੰ ਵੇਖਿਆ। ਕਿਸੇ ਨੇ ਅਜਿਹਾ ਨਹੀਂ ਕੀਤਾ ਸੀ।’’
ਕਾਂਗਰਸ ਆਗੂ ਨੇ ਇਹ ਵੀ ਦਾਅਵਾ ਕੀਤਾ, ‘‘ਮੈਂ ਜੋ ਮਨੀਪੁਰ ’ਚ ਵੇਖਿਆ ਅਤੇ ਸੁਣਿਆ, ਅਜਿਹਾ ਮੈਂ ਪਹਿਲਾਂ ਕਦੇ ਨਹੀਂ ਵੇਖਿਆ ਸੀ ਅਤੇ ਨਾ ਸੁਣਿਆ ਸੀ। ਮੈਂ ਸੰਸਦ ’ਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਨੀਪੁਰ ’ਚ ਭਾਰਤ ਦਾ ਕਤਲ ਕਰ ਦਿਤਾ ਹੈ। ਇਹ ਮੇਰੇ ਖੋਖਲੇ ਸ਼ਬਦ ਨਹੀਂ ਸਨ। ਜਦੋਂ ਅਸੀਂ ਮਨੀਪੁਰ ਪੁੱਜੇ ਅਤੇ ਮੈਤੇਈ ਇਲਾਕੇ ’ਚ ਗਏ ਤਾਂ ਸਾਨੂੰ ਕਿਹਾ ਗਿਆ ਕਿ ਜੇ ਤੁਹਾਡੀ ਸੁਰਖਿਆ ’ਚ ਕੋਈ ਕੁਕੀ ਮੈਂਬਰ ਸ਼ਾਮਲ ਹੋਵੇਗਾ ਤਾਂ ਅਸੀਂ ਉਸ ਨੂੰ ਮਾਰ ਦੇਵਾਂਗੇ। ਉਸੇ ਤਰ੍ਹਾਂ ਜਦੋਂ ਅਸੀਂ ਕੁਕੀ ਇਲਾਕੇ ’ਚ ਗਏ ਤਾਂ ਸਾਨੂੰ ਕਿਹਾ ਗਿਆ ਕਿ ਜੇ ਕੋਈ ਮੈਤੇਈ ਤੁਹਾਡੀ ਸੁਰਖਿਆ ’ਚ ਹੋਵੇਗਾ, ਤਾਂ ਅਸੀਂ ਉਸ ਨੂੰ ਮਾਰ ਦੇਵਾਂਗੇ।’’
ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਅੱਜ ਮਨੀਪੁਰ ’ਚ ਦੋ ਹਿੱਸਿਆਂ ’ਚ ਵੰਡ ਦਿਤਾ ਗਿਆ ਹੈ, ਦੋ ਸੂਬੇ ਬਣਾ ਦਿਤੇ ਗਏ ਹਨ। ਗਾਂਧੀ ਨੇ ਕਿਹਾ ਕਿ ਸਦਨ ’ਚ ਉਨ੍ਹਾਂ ਵਲੋਂ ਕੀਤੀ ਗਈ ਇਹ ਟਿਪਣੀ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ‘ਮਨੀਪੁਰ ’ਚ ਭਾਰਤ ਮਾਤਾ ਦਾ ਕਤਲ’’ ਕੀਤਾ ਸੀ, ਸਿਰਫ਼ ਖੋਖਲੇ ਸ਼ਬਦ ਨਹੀਂ ਸਨ। ਉਨ੍ਹਾਂ ਕਿਹਾ, ‘‘ਮਨੀਪੁਰ ’ਚ ਭਾਜਪਾ ਨੇ ਹਿੰਦੁਸਤਾਨ ਦਾ ਕਤਲ ਕੀਤਾ ਹੈ। ਮਨੀਪੁਰ ’ਚ ਭਾਰਤ ਦੀ ਸੋਚ ਦਾ ਕਤਲ ਕਰ ਦਿਤਾ ਗਿਆ ਹੈ।’’
ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ‘‘ਚਾਹੁੰਦੇ ਹਨ ਕਿ ਮਨੀਪੁਰ ਸੜੇ, ਨਾ ਕਿ ਅੱਗ ਬੁਝੇ।’’ ਉਨ੍ਹਾਂ ਕਿਹਾ ਕਿ ਫੌਜ ਦੋ-ਤਿੰਨ ਦਿਨਾਂ ’ਚ ਸ਼ਾਂਤੀ ਲਿਆ ਸਕਦੀ ਹੈ ਪਰ ਸਰਕਾਰ ਤਾਇਨਾਤ ਨਹੀਂ ਕਰ ਰਹੀ।