
ਲੜਕੀ ਵਿਚ ਸਮੇਂ ਤੋਂ ਪਹਿਲਾਂ ਜਵਾਨੀ ਨੂੰ ਪ੍ਰੇਰਿਤ ਕਰਨ ਲਈ ਹਾਰਮੋਨਲ ਟੀਕੇ ਦਿਤੇ ਗਏ ਹੋ ਸਕਦੇ ਹਨ : ਪੁਲਿਸ ਅਧਿਕਾਰੀ
ਪਾਲਘਰ : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ’ਚ ਸੈਕਸ ਰੈਕੇਟ ਤੋਂ ਬਚਾਈ ਗਈ 14 ਸਾਲ ਦੀ ਬੰਗਲਾਦੇਸ਼ੀ ਲੜਕੀ ਨੇ ਪੁਲਿਸ ਨੂੰ ਦਸਿਆ ਕਿ ਤਿੰਨ ਮਹੀਨਿਆਂ ’ਚ ਘੱਟੋ-ਘੱਟ 200 ਵਿਅਕਤੀਆਂ ਨੇ ਉਸ ਦਾ ਜਿਨਸੀ ਸੋਸ਼ਣ ਕੀਤਾ।
ਅਧਿਕਾਰੀ ਨੇ ਦਸਿਆ ਕਿ ਮੀਰਾ-ਭਾਯੰਦਰ ਵਸਈ-ਵਿਰਾਰ ਪੁਲਿਸ ਦੀ ਮਨੁੱਖੀ ਤਸਕਰੀ ਰੋਕੂ ਇਕਾਈ (ਏ.ਐਚ.ਟੀ.ਯੂ.) ਨੇ ਗੈਰ ਸਰਕਾਰੀ ਸੰਗਠਨਾਂ ਐਕਸੋਡਸ ਰੋਡ ਇੰਡੀਆ ਫਾਊਂਡੇਸ਼ਨ ਅਤੇ ਹਾਰਮਨੀ ਫਾਊਂਡੇਸ਼ਨ ਦੇ ਨਾਲ ਸਾਂਝੇ ਆਪਰੇਸ਼ਨ ’ਚ 26 ਜੁਲਾਈ ਨੂੰ ਵਸਾਈ ਦੇ ਨਾਈਗਾਓਂ ’ਚ ਇਕ ਫਲੈਟ ਉਤੇ ਛਾਪਾ ਮਾਰਿਆ ਸੀ।
ਉਨ੍ਹਾਂ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਗਏ 6 ਜਣਿਆਂ ਵਿਚੋਂ ਤਿੰਨ ਬੰਗਲਾਦੇਸ਼ੀ ਨਾਗਰਿਕ ਹਨ। ਪੰਜ ਪੀੜਤਾਂ ਵਿਚੋਂ ਇਕ ਇਹ 14 ਸਾਲ ਦੀ ਲੜਕੀ ਵੀ ਸ਼ਾਮਲ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ 33 ਅਤੇ 32 ਸਾਲ ਦੀਆਂ ਦੋ ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਨੇ ਕਥਿਤ ਤੌਰ ਉਤੇ ਬੰਗਲਾਦੇਸ਼ ਤੋਂ ਨਾਬਾਲਗ ਨੂੰ ਭਾਰਤ ਵਿਚ ਦਾਖਲ ਹੋਣ ਵਿਚ ਮਦਦ ਕੀਤੀ ਸੀ। ਨਾਈਗਾਓਂ ਥਾਣੇ ਦੇ ਸੀਨੀਅਰ ਇੰਸਪੈਕਟਰ ਵਿਜੇ ਕਦਮ ਨੇ ਦਸਿਆ ਕਿ ਹੁਣ ਤਕ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਕ ਹੋਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਕ ਨਾਬਾਲਗ ਹਿਰਾਸਤ ਕੇਂਦਰ ’ਚ ਦਿਤੇ ਬਿਆਨ ਮੁਤਾਬਕ ਉਸ ਨੂੰ ਪਹਿਲਾਂ ਗੁਜਰਾਤ ਦੇ ਨਾਡੀਆਦ ਲਿਜਾਇਆ ਗਿਆ, ਜਿੱਥੇ ਉਸ ਦਾ ਜਿਨਸੀ ਸੋਸ਼ਣ ਹੋਇਆ। ਹਾਰਮਨੀ ਫਾਊਂਡੇਸ਼ਨ ਦੇ ਪ੍ਰਧਾਨ ਅਬਰਾਹਿਮ ਮਥਾਈ ਨੇ ਕਿਹਾ ਕਿ ਲੜਕੀ ਸਕੂਲ ਵਿਚ ਇਕ ਵਿਸ਼ੇ ਵਿਚ ਫੇਲ੍ਹ ਹੋ ਗਈ ਸੀ, ਜਿਸ ਤੋਂ ਬਾਅਦ ਉਹ ਘਰੋਂ ਭੱਜ ਗਈ।
ਮਥਾਈ ਨੇ ਦਾਅਵਾ ਕੀਤਾ ਕਿ ਫਿਰ ਉਸ ਨੂੰ ਇਕ ਜਾਣਕਾਰ ਔਰਤ ਨੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖਲ ਕਰਵਾਇਆ ਅਤੇ ਫਿਰ ਉਸ ਨੂੰ ਦੇਹ ਵਪਾਰ ਵਿਚ ਧੱਕ ਦਿਤਾ। ਮਥਾਈ ਨੇ ਮੰਗ ਕੀਤੀ ਕਿ ਉਸ ਦਾ ਕਥਿਤ ਤੌਰ ਉਤੇ ਜਿਨਸੀ ਸੋਸ਼ਣ ਕਰਨ ਵਾਲੇ ਸਾਰੇ 200 ਵਿਅਕਤੀਆਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਪੁਲਿਸ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਲੜਕੀ ਵਿਚ ਸਮੇਂ ਤੋਂ ਪਹਿਲਾਂ ਜਵਾਨੀ ਨੂੰ ਪ੍ਰੇਰਿਤ ਕਰਨ ਲਈ ਹਾਰਮੋਨਲ ਟੀਕੇ ਦਿਤੇ ਗਏ ਹੋ ਸਕਦੇ ਹਨ।
ਮਨੁੱਖੀ ਅਧਿਕਾਰ ਕਾਰਕੁਨ ਮਧੂ ਸ਼ੰਕਰ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੀੜਤਾਂ ਨੂੰ ਛੋਟੀ ਉਮਰ ਵਿਚ ਅਗਵਾ ਕਰਨ ਦੀਆਂ ਉਦਾਹਰਣਾਂ ਹਨ। ਐਮ.ਬੀ.ਵੀ.ਵੀ. ਦੇ ਪੁਲਿਸ ਕਮਿਸ਼ਨਰ ਨਿਕੇਤ ਕੌਸ਼ਿਕ ਨੇ ਕਿਹਾ ਕਿ ਫੋਰਸ ਪੂਰੇ ਰੈਕੇਟ ਦਾ ਪਰਦਾਫਾਸ਼ ਕਰਨ ਅਤੇ ਕਮਜ਼ੋਰ ਕਿਸ਼ੋਰਾਂ ਨੂੰ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨ ਲਈ ਸਾਰੇ ਯਤਨ ਕਰ ਰਹੀ ਹੈ। ਇਕ ਹੋਰ ਅਧਿਕਾਰੀ ਨੇ ਪੀ.ਟੀ.ਆਈ. ਨੂੰ ਦਸਿਆ ਕਿ ਨਾਬਾਲਗ ਲੜਕੀ ਦੇ ਦੋਸ਼ਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਨਾਈਗਾਓਂ ਵਿਚ 26 ਜੁਲਾਈ ਨੂੰ ਫੜੇ ਗਏ ਸੈਕਸ ਰੈਕੇਟ ਦੇ ਪੀੜਤਾਂ ਨੂੰ ਕਥਿਤ ਤੌਰ ਉਤੇ ਨਵੀਂ ਮੁੰਬਈ, ਮਹਾਰਾਸ਼ਟਰ ਦੇ ਪੁਣੇ, ਗੁਜਰਾਤ, ਕਰਨਾਟਕ ਅਤੇ ਦੇਸ਼ ਦੇ ਹੋਰ ਸਥਾਨਾਂ ਉਤੇ ਤਸਕਰੀ ਕੀਤੀ ਗਈ ਸੀ। ਪੁਲਿਸ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਮੁੱਖ ਦੋਸ਼ੀ ਮੁਹੰਮਦ ਖਾਲਿਦ ਅਬਦੁਲ ਬਾਪਾਰੀ (33), ਏਜੰਟ ਜੁਬੇਰ ਹਾਰੂਨ ਸ਼ੇਖ (38) ਅਤੇ ਸ਼ਮੀਮ ਗਫਰ ਸਰਦਾਰ (39) ਸ਼ਾਮਲ ਹਨ।