
ਦੇਖੋ ਸੋਸ਼ਲ ਮੀਡੀਆ ਯੂਜ਼ਰਸ ਨੇ ਕੀ-ਕੀ ਗੱਲਾਂ ਆਖ ਬਣਾਈ ਰੇਲ
ਨਵੀਂ ਦਿੱਲੀ- ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਉਸ ਬਿਆਨ ਦਾ ਖ਼ੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਜਿਸ ਵਿਚ ਉਨ੍ਹਾਂ ਨੇ ਦੇਸ਼ ਦੇ ਆਟੋਮੋਬਾਈਲ ਖੇਤਰ ਵਿਚ ਆਈ ਮੰਦੀ ਲਈ ਸਰਕਾਰੀ ਨੀਤੀਆਂ ਦੀ ਬਜਾਏ ਲੋਕਾਂ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ। ਵਿੱਤ ਮੰਤਰੀ ਦਾ ਇਹ ਬਿਆਨ ਆਉਣ ਦੀ ਦੇਰ ਸੀ ਕਿ ਸੋਸ਼ਲ ਮੀਡੀਆ ਯੂਜ਼ਰਸ ਨੇ ਝੱਟ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
Auto sector
ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰਕੇ ਨਿਰਮਲਾ ਸੀਤਾਰਮਨ ਦੇ ਬਿਆਨ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਜੋਸ਼ੀ ਰਾਤਸਚੀ ਨਾਂਅ ਦੇ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘‘ਨਿੰਮੀ ਚਾਚੀ ਦਾ ਘਿਨੌਣਾ ਤਰਕ! ਯਕੀਨ ਨਹੀਂ ਹੁੰਦਾ ਕਿ ਦੇਸ਼ ਦਾ ਫਾਈਨੈਂਸ ਮਨਿਸਟਰ ਅਪਣੀਆਂ ਕਮੀਆਂ ਛੁਪਾਉਣ ਲਈ ਅਜਿਹਾ ਬਿਆਨ ਦੇ ਸਕਦੈ!’’
ਉਥੇ ਇਕ ਨੇ ਲਿਖਿਆ ‘‘ਚਾਹ ਇੰਡਸਟਰੀ ਮੰਦੀ ਦਾ ਸਾਹਮਣਾ ਕਰ ਰਹੀ ਹੈ ਕਿਉਂਕਿ ਲੋਕ ਕੌਫ਼ੀ ਪੀਂਦੇ ਨੇ? ਕੱਪੜਾ ਇੰਡਸਟਰੀ ਤਾਂ ਮੰਦੀ ਦਾ ਸਾਹਮਣਾ ਕਰ ਰਹੀ ਹੈ ਕਿਉਂਕਿ ਲੋਕ ਨੰਗਾ ਘੁੰਮਣਾ ਪਸੰਦ ਕਰਦੇ ਨੇ?
ਮੈਨੂਫੈਕਚਰਿੰਗ ਸੈਕਟਰ ਮੰਦੀ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਉਹ ਅਪਣਾ ਖਾਣਾ ਤਿਆਰ ਕਰਦੇ ਨੇ? ਕੁੱਝ ਵੀ!!! ਵਿਭਾਸ਼ ਮਿਸ਼ਰਾ ਨਾਂਅ ਦੇ ਯੂਜ਼ਰ ਨੇ ਨਿਰਮਲਾ ਸੀਤਾਰਮਨ ’ਤੇ ਤੰਜ ਕਰਦੇ ਹੋਏ ਲਿਖਿਆ ‘‘ਖੇਤੀਬਾੜੀ ਸੈਕਟਰ ਵਿਚ ਗਿਰਾਵਟ ਆ ਰਹੀ ਹੈ ਕਿਉਂਕਿ ਹਜ਼ਾਰਾਂ ਲੋਕ ਦਾਲ-ਰੋਟੀ ਦੀ ਬਜਾਏ ਪੀਜ਼ਾ ਨੂੰ ਤਰਜੀਹ ਦੇ ਰਹੇ ਹਨ।’’
ਚੈੱਕਮੇਟ ਨਾਂਅ ਦੇ ਯੂਜ਼ਰ ਨੇ ਲਿਖਿਆ ‘‘ਲੱਖਾਂ ਲੋਕ ਵਿਆਹ ਕਰਵਾਉਣ ਦੀ ਬਜਾਏ ਅੱਜਕੱਲ੍ਹ ਲਿਵ ਇਨ ਰਿਲੇਸ਼ਨਸ਼ਿਪ ਦੇ ਰਿਸ਼ਤੇ ਨੂੰ ਤਰਜੀਹ ਦੇ ਰਹੇ ਹਨ। ਜਿਸ ਦੇ ਨਤੀਜੇ ਵਜੋਂ ਬ੍ਰਾਹਮਣ, ਪੰਡਤ ਅਤੇ ਜੋਤਸ਼ੀ ਬੇਰੁਜ਼ਗਾਰ ਹੋ ਰਹੇ ਹਨ।’’
ਏਜੈੱਡਵਾਈ ਨਾਂਅ ਦੇ ਯੂਜ਼ਰ ਨੇ ਲਿਖਿਆ ‘‘ਕੋਲ ਇੰਡੀਆ ਦਾ ਜੀਵਨਕਾਲ ਛੋਟਾ ਹੈ ਕਿਉਂਕਿ ਲੱਖਾਂ ਲੋਕਾਂ ਨੇ ਐਲਪੀਜੀ ਨੂੰ ਅਪਣਾ ਲਿਆ ਹੈ। ਕੋਲੇ ’ਤੇ ਖਾਣਾ ਨਹੀਂ ਬਣਾਉਂਦੇ।’
ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਕੇਂਦਰੀ ਵਿੱਤ ਮੰਤਰੀ ਦੇ ਬਿਆਨ ਦਾ ਟਵੀਟਸ ਜ਼ਰੀਏ ਖ਼ੂਬ ਮਜ਼ਾਕ ਉਡਾਇਆ। ਦੇਸ਼ ਦੇ ਆਟੋਮੋਬਾਈਲ ਸੈਕਟਰ ਇਸ ਸਮੇਂ ਮੰਦੀ ਦੀ ਮਾਰ ਝੱਲ ਰਿਹਾ ਹੈ। ਕਈ ਕੰਪਨੀਆਂ ਨੇ ਪ੍ਰੋਡਕਸ਼ਨ ਤਕ ਰੋਕ ਦਿੱਤੀ ਹੈ।
ਇਸ ਖੇਤਰ ਨਾਲ ਜੁੜੀਆਂ ਲੱਖਾਂ ਨੌਕਰੀਆਂ ਖ਼ਤਰੇ ’ਚ ਪਈਆਂ ਹੋਈਆਂ ਹਨ। ਸਭ ਨੂੰ ਪਤੈ ਕਿ ਇਹ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੀ ਵਜ੍ਹਾ ਕਰਕੇ ਹੋ ਰਿਹਾ ਹੈ।
ਖ਼ੁਦ ਕੰਪਨੀਆਂ ਅਤੇ ਦੇਸ਼ ਦੇ ਵੱਡੇ-ਵੱਡੇ ਅਰਥ ਸਾਸ਼ਤਰੀ ਵੀ ਇਸ ਮੰਦੀ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਪਰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਪਣੇ ਬਿਆਨ ਵਿਚ ਇਹ ਕਹਿੰਦਿਆਂ ਲੋਕਾਂ ਨੂੰ ਹੀ ਮੰਦੀ ਲਈ ਜ਼ਿੰਮੇਵਾਰ ਠਹਿਰਾ ਦਿੱਤਾ ਕਿ ਲੋਕ ਨਵੀਆਂ ਕਾਰਾਂ ਖ਼ਰੀਦਣ ਦੀ ਬਜਾਏ ਓਲਾ ਅਤੇ ਉਬਰ ਵਿਚ ਜਾਣਾ ਪਸੰਦ ਕਰਨ ਲੱਗੇ ਹਨ।
ਜਿਸ ਕਾਰਨ ਕਾਰਾਂ ਵਿਕਣੀਆਂ ਘੱਟ ਹੋ ਗਈਆਂ ਹਨ। ਇਸ ਕਰਕੇ ਇਹ ਮੰਦੀ ਆਈ ਹੈ। ਦੇਖਿਆ ਜਾਵੇ ਤਾਂ ਨਿਰਮਲਾ ਸੀਤਾਰਮਨ ਵੱਲੋਂ ਦਿੱਤਾ ਇਹ ਬਿਆਨ ਵਾਕਈ ਹਾਸੋਹੀਣਾ ਹੈ। ਉਨ੍ਹਾਂ ਦੇ ਇਸ ਬਿਆਨ ਦਾ ਮਜ਼ਾਕ ਤਾਂ ਉਡਣਾ ਹੀ ਸੀ।
ਹੈਰਾਨੀ ਦੀ ਗੱਲ ਹੈ ਕਿ ਕੇਂਦਰੀ ਵਿੱਤ ਮੰਤਰੀ ਨੇ ਇਸ ਮੰਦੀ ਲਈ ਜ਼ਿੰਮੇਵਾਰ ਅਪਣੀਆਂ ਨੀਤੀਆਂ ਵਿਚ ਕੋਈ ਸੁਧਾਰ ਕਰਨ ਦਾ ਠੋਸ ਭਰੋਸਾ ਦੇਣ ਦੀ ਬਜਾਏ ਲੋਕਾਂ ਨੂੰ ਹੀ ਜ਼ਿੰਮੇਵਾਰ ਠਹਿਰਾ ਕੇ ਪੱਲਾ ਝਾੜ ਦਿੱਤਾ।
ਜਦੋਂ ਕੇਂਦਰ ਸਰਕਾਰ ਨੂੰ ਇਹ ਅਹਿਸਾਸ ਹੀ ਨਹੀਂ ਹੈ ਕਿ ਉਸ ਦੀਆਂ ਨੀਤੀਆਂ ਕਰਕੇ ਦੇਸ਼ ਵਿਚ ਮੰਦੀ ਆਈ ਹੈ ਤਾਂ ਅਜਿਹੀ ਸਰਕਾਰ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਕਿ ਉਹ ਦੇਸ਼ ਨੂੰ ਮੰਦੀ ਵਿਚੋਂ ਉਭਾਰ ਕੇ ਲੋਕਾਂ ਨੂੰ ਰਾਹਤ ਦਾ ਸਾਹ ਦਿਵਾਏਗੀ।