
Himachal News: 2 ਅਧਿਆਪਕ ਹੋਏ ਜ਼ਖ਼ਮੀ
Car fell into Ravi river in Chamba news: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ ਵਿੱਚ ਬੀਤੀ ਰਾਤ ਇੱਕ ਆਲਟੋ ਕਾਰ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਦੋ ਅਧਿਆਪਕਾਂ ਦੀ ਮੌਤ ਹੋ ਗਈ। ਜਦਕਿ ਦੋ ਹੋਰ ਅਧਿਆਪਕ ਗੰਭੀਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਹੋਲੀ ਵਿਖੇ ਮੁੱਢਲੀ ਸਹਾਇਤਾ ਤੋਂ ਬਾਅਦ ਮੈਡੀਕਲ ਕਾਲਜ ਚੰਬਾ ਲਈ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਕਾਰ 'ਚ ਸਵਾਰ ਚਾਰੋਂ ਵਿਅਕਤੀ ਪੇਸ਼ੇ ਤੋਂ ਅਧਿਆਪਕ ਹਨ। ਇਹ ਚਾਰੇ ਅਧਿਆਪਕ ਸੀਨੀਅਰ ਸੈਕੰਡਰੀ ਸਕੂਲ ਹੋਲੀ ਵਿਖੇ ਵਿਦਿਆਰਥੀਆਂ ਦੇ ਅੰਡਰ-19 ਖੇਡ ਮੁਕਾਬਲੇ ਵਿੱਚ ਭਾਗ ਲੈ ਕੇ ਘਰ ਪਰਤ ਰਹੇ ਸਨ। ਇਸ ਦੌਰਾਨ ਖੜਾਮੁਖੋਲੀ-ਉਤਰਾਲਾ ਰੋਡ 'ਤੇ ਕਿਆਰੀ ਪੁਲ ਨੇੜੇ ਹਾਦਸਾ ਵਾਪਰ ਗਿਆ।
ਇਹ ਘਟਨਾ ਬੀਤੀ ਰਾਤ ਕਰੀਬ 9 ਵਜੇ ਦੀ ਦੱਸੀ ਜਾਂਦੀ ਹੈ। ਹਾਦਸੇ ਤੋਂ ਬਾਅਦ ਆਲਟੋ ਕਾਰ ਰਾਵੀ ਨਦੀ ਵਿੱਚ ਜਾ ਡਿੱਗੀ। ਇਸ 'ਚ ਇਕ ਅਧਿਆਪਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਦੂਜੇ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਅੱਜ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਮ੍ਰਿਤਕਾਂ ਦੀ ਪਛਾਣ ਦਲੀਪ ਚੰਦ ਵਾਸੀ ਸਰਾਏਨਾ ਰੱਖ ਅਤੇ ਨਵੀਨ ਕੁਮਾਰ ਵਾਸੀ ਹੋਲੀ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਪ੍ਰਾਇਮਰੀ ਟੀਚਰਜ਼ ਐਸੋਸੀਏਸ਼ਨ (ਪੀਟੀਐਫ) ਦੇ ਮੁਖੀ ਨਵੀਨ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਗੰਭੀਰ ਜ਼ਖਮੀ ਕਮਲੇਸ਼ ਕੁਮਾਰ ਨੂੰ ਚੰਬਾ ਤੋਂ ਟਾਂਡਾ ਮੈਡੀਕਲ ਕਾਲਜ ਕਾਂਗੜਾ ਲਈ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਗੁਰਮ ਸਿੰਘ ਦਾ ਚੰਬਾ ਵਿਖੇ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਪੂਰੇ ਹੋਲੀ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ ਹੈ।