
ਕਿਸਾਨ ਜਥੇਬੰਦੀਆਂ ਕੀਮਤਾਂ ਵਧਾਉਣ ’ਤੇ ਅੜੀਆਂ
ਦਿੱਲੀ/ਇੰਦੌਰ: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੁਧਵਾਰ ਨੂੰ ਕਿਹਾ ਕਿ ਸਰਕਾਰ ਮੱਧ ਪ੍ਰਦੇਸ਼ ’ਚ ਸੋਇਆਬੀਨ ਦੀ ਖਰੀਦ 4,892 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ’ਤੇ ਕਰੇਗੀ। ਹਾਲਾਂਕਿ, ਇਸ ਐਲਾਨ ਤੋਂ ਅਸੰਤੁਸ਼ਟ ਕਿਸਾਨ ਸੰਗਠਨਾਂ ਨੇ ਅਪਣੀ ਮੰਗ ਦੁਹਰਾਈ ਕਿ ਸਰਕਾਰ ਦੇਸ਼ ਦੇ ਸੱਭ ਤੋਂ ਵੱਡੇ ਸੋਇਆਬੀਨ ਉਤਪਾਦਕ ਸੂਬੇ ’ਚ ਤੇਲ ਦੇ ਬੀਜਾਂ ਦੀ ਫਸਲ 6,000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੇ।
ਸੂਬੇ ’ਚ ਸੋਇਆਬੀਨ ਦੀਆਂ ਕੀਮਤਾਂ ਐਮ.ਐਸ.ਪੀ. ਤੋਂ ਹੇਠਾਂ ਆਉਣ ਨੂੰ ਲੈ ਕੇ ਕਿਸਾਨ ਲੰਮੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ। ਖੇਤੀ ਮੰਤਰੀ ਚੌਹਾਨ ਨੇ ਦਿੱਲੀ ’ਚ ਪੱਤਰਕਾਰਾਂ ਨੂੰ ਕਿਹਾ, ‘‘ਮੱਧ ਪ੍ਰਦੇਸ਼ ਦੇ ਕਿਸਾਨ ਸੋਇਆਬੀਨ ਨੂੰ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਮਿਲਣ ਤੋਂ ਚਿੰਤਤ ਹਨ। ਸਾਨੂੰ ਮੰਗਲਵਾਰ ਰਾਤ ਨੂੰ ਮੱਧ ਪ੍ਰਦੇਸ਼ ਸਰਕਾਰ ਤੋਂ ਸੋਇਆਬੀਨ ਖਰੀਦਣ ਦਾ ਪ੍ਰਸਤਾਵ ਮਿਲਿਆ। ਅਸੀਂ ਇਸ ਨੂੰ ਮਨਜ਼ੂਰੀ ਦੇ ਦਿਤੀ ਹੈ।’’ ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ’ਚ ਸੋਇਆਬੀਨ ਐਮ.ਐਸ.ਪੀ. ’ਤੇ ਖਰੀਦੀ ਜਾਵੇਗੀ। ਚੌਹਾਨ ਨੇ ਕਿਹਾ, ‘‘ਇਸ ਤੋਂ ਪਹਿਲਾਂ ਕੇਂਦਰ ਨੇ ਮਹਾਰਾਸ਼ਟਰ ਅਤੇ ਕਰਨਾਟਕ ’ਚ ਐਮ.ਐਸ.ਪੀ. ’ਤੇ ਸੋਇਆਬੀਨ ਖਰੀਦਣ ਦੀ ਇਜਾਜ਼ਤ ਦਿਤੀ ਸੀ।’’
ਸਾਲ 2024-25 ਲਈ ਸੋਇਆਬੀਨ (ਪੀਲਾ) ਦਾ ਘੱਟੋ-ਘੱਟ ਸਮਰਥਨ ਮੁੱਲ 4,892 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਤੇਲ ਬੀਜਾਂ ਦੀ ਖਰੀਦ ਖੇਤੀਬਾੜੀ ਮੰਤਰਾਲੇ ਦੀ ਲਾਗੂ ਮੁੱਲ ਸਮਰਥਨ ਯੋਜਨਾ (ਪੀ.ਐਸ.ਐਸ.) ਦੇ ਤਹਿਤ ਕੀਤੀ ਜਾਵੇਗੀ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਨਾਲ ਜੁੜੀਆਂ ਜਥੇਬੰਦੀਆਂ ਨੇ ਅਪਣੀ ਮੰਗ ਦੁਹਰਾਈ ਹੈ ਕਿ ਸਰਕਾਰ ਮੱਧ ਪ੍ਰਦੇਸ਼ ’ਚ ਸੋਇਆਬੀਨ 6,000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੇ। ਇਨ੍ਹਾਂ ਜਥੇਬੰਦੀਆਂ ਦਾ ਦਾਅਵਾ ਹੈ ਕਿ ਜੇਕਰ ਸੋਇਆਬੀਨ ਨੂੰ ਇਸ ਤੋਂ ਘੱਟ ਕੀਮਤ ਮਿਲਦੀ ਹੈ ਤਾਂ ਇਸ ਤੇਲ ਬੀਜ ਦੀ ਕਾਸ਼ਤ ਕਿਸਾਨਾਂ ਲਈ ਘਾਟੇ ਦਾ ਸੌਦਾ ਸਾਬਤ ਹੋਵੇਗੀ।
ਸੰਯੁਕਤ ਕਿਸਾਨ ਮੋਰਚਾ ਦੇ ਸੂਬਾ ਮੀਡੀਆ ਇੰਚਾਰਜ ਰਣਜੀਤ ਕਿਸ਼ਨਵੰਸ਼ੀ ਨੇ ਕਿਹਾ, ‘‘ਅਸੀਂ ਅੰਦੋਲਨ ਰਾਹੀਂ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ ਸੂਬੇ ’ਚ ਸੋਇਆਬੀਨ ਦੀ ਸਰਕਾਰੀ ਖਰੀਦ 6,000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਯਕੀਨੀ ਬਣਾਈ ਜਾਵੇ। ਅਸੀਂ ਸੋਇਆਬੀਨ ਦੀ ਘੱਟ ਕੀਮਤ ਮਨਜ਼ੂਰ ਨਹੀਂ ਕਰਦੇ, ਇਸ ਲਈ ਸਾਡਾ ਅੰਦੋਲਨ ਸੂਬੇ ’ਚ ਜਾਰੀ ਰਹੇਗਾ।’’ ਉਨ੍ਹਾਂ ਕਿਹਾ ਕਿ ਸੋਇਆਬੀਨ ਦੇ ਮੁੱਦੇ ’ਤੇ 13 ਸਤੰਬਰ (ਸ਼ੁਕਰਵਾਰ) ਨੂੰ ਸੂਬੇ ਦੇ ਹਰਦਾ ਜ਼ਿਲ੍ਹੇ ’ਚ ਵੱਡੀ ਕਿਸਾਨ ਰੈਲੀ ਕੀਤੀ ਜਾਵੇਗੀ, ਜਿਸ ’ਚ ਸੂਬੇ ਭਰ ਦੇ ਕਿਸਾਨ ਆਗੂ ਇਕੱਠੇ ਹੋਣਗੇ।