Delhi News : ਮਨੀ ਲਾਂਡਰਿੰਗ ਰੋਕੂ ਕਾਨੂੰਨ (P.M.L.A.) ਦੇ ਤਹਿਤ ਸਬੰਧਤ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਆਰਜ਼ੀ ਹੁਕਮ ਜਾਰੀ ਕੀਤਾ ਗਿਆ
Delhi News : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁਧਵਾਰ ਨੂੰ ਕਿਹਾ ਕਿ ਉਸ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ 29.75 ਕਰੋੜ ਰੁਪਏ ਦੀ ਨਵੀਂ ਜਾਇਦਾਦ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਜ਼ਬਤ ਕੀਤੀ ਹੈ। ਈ.ਡੀ. ਨੇ ਇਕ ਬਿਆਨ ਵਿਚ ਕਿਹਾ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (P.M.L.A.) ਦੇ ਤਹਿਤ ਸਬੰਧਤ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਆਰਜ਼ੀ ਹੁਕਮ ਜਾਰੀ ਕੀਤਾ ਗਿਆ ਹੈ। ਇਹ ਜਾਇਦਾਦ ਬੈਂਕ ਜਮ੍ਹਾਂ, ਜ਼ਮੀਨ ਅਤੇ ਇਮਾਰਤਾਂ ਦੇ ਰੂਪ ’ਚ ਹੈ।
ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਨਾਲ ਕਥਿਤ 2 ਅਰਬ ਡਾਲਰ ਦੇ ਧੋਖਾਧੜੀ ਮਾਮਲੇ ’ਚ ਪੰਜ ਸਾਲ ਤੋਂ ਵੱਧ ਸਮੇਂ ਤੋਂ ਜਾਂਚ ਕਰ ਰਹੀ ਏਜੰਸੀ ਨੇ ਇਸ ਤੋਂ ਪਹਿਲਾਂ ਨੀਰਵ ਮੋਦੀ ਦੇ ਭਾਰਤ ਅਤੇ ਵਿਦੇਸ਼ਾਂ ’ਚ 2,596 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ।
ਨੀਰਵ ਮੋਦੀ (53) ਇਸ ਸਮੇਂ ਬਰਤਾਨੀਆਂ ਦੀ ਜੇਲ ’ਚ ਬੰਦ ਹੈ ਅਤੇ ਕਥਿਤ ਬੈਂਕ ਕਰਜ਼ਾ ਧੋਖਾਧੜੀ ਮਾਮਲੇ ’ਚ ਭਾਰਤ ਦੀ ਹਵਾਲਗੀ ਵਿਰੁਧ ਉਸ ਦੀ ਪਟੀਸ਼ਨ ਖਾਰਜ ਕਰ ਦਿਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵੀ ਕਰ ਰਹੀ ਹੈ।
ਇਸ ਮਾਮਲੇ ਦੇ ਮੁੱਖ ਦੋਸ਼ੀ ਨੀਰਵ, ਉਸ ਦੇ ਮਾਮਾ ਮੇਹੁਲ ਚੋਕਸੀ ਅਤੇ ਹੋਰਾਂ ’ਤੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੀ ਮੁੰਬਈ ਸਥਿਤ ਬ੍ਰੈਡੀ ਹਾਊਸ ਸ਼ਾਖਾ ’ਚ ਅਧਿਕਾਰੀਆਂ ਨਾਲ ਧੋਖਾਧੜੀ ਕਰਨ ਅਤੇ ਬੈਂਕ ਨੂੰ ਜਾਅਲੀ ਲੈਟਰ ਆਫ ਅੰਡਰਟੇਕਿੰਗ (ਐੱਲ.ਓ.ਸੀ.) ਜਾਰੀ ਕਰਨ ਦੇ ਦੋਸ਼ ਹਨ। ਈ.ਡੀ. ਇਸ ਮਾਮਲੇ ’ਚ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਨੀਰਵ ਨੂੰ ਦਸੰਬਰ 2019 ’ਚ ਮੁੰਬਈ ਦੀ ਪੀ.ਐਮ.ਐਲ.ਏ. ਅਦਾਲਤ ਨੇ ਭਗੌੜਾ ਆਰਥਕ ਅਪਰਾਧੀ ਐਲਾਨ ਕੀਤਾ ਸੀ। ਉਸੇ ਸਾਲ ਉਸ ਨੂੰ ਲੰਡਨ ’ਚ ਗ੍ਰਿਫਤਾਰ ਕਰ ਲਿਆ ਗਿਆ ਸੀ।
ਈ.ਡੀ. ਨੇ ਕਿਹਾ ਕਿ ਭਗੌੜੇ ਆਰਥਕ ਅਪਰਾਧੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਨੀਰਵ ਅਤੇ ਉਸ ਦੇ ਸਹਿਯੋਗੀਆਂ ਦੀ 692.90 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ 1,052.42 ਕਰੋੜ ਰੁਪਏ ਦੀ ਜਾਇਦਾਦ ਪੀੜਤ ਬੈਂਕਾਂ-ਪੀ.ਐਨ.ਬੀ. ਅਤੇ ਸਬੰਧਤ ਸਮੂਹ ਦੇ ਬੈਂਕਾਂ ਨੂੰ ਸਫਲਤਾਪੂਰਵਕ ਵਾਪਸ ਕਰ ਦਿਤੀ ਗਈ ਹੈ।
ਉਨ੍ਹਾਂ ਕਿਹਾ ਕਿ ਨੀਰਵ ਮੋਦੀ ਵਿਰੁਧ ਹਵਾਲਗੀ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਅਤੇ ਇਹ ਬਰਤਾਨੀਆਂ ਦੇ ਲੰਡਨ ’ਚ ਚੱਲ ਰਹੀ ਹੈ। ਇਸ ਸਾਲ ਦੀ ਸ਼ੁਰੂਆਤ ’ਚ ਨੀਰਵ ਮੋਦੀ ਨੇ ਬਰਤਾਨੀਆਂ ਦੀ ਇਕ ਅਦਾਲਤ ’ਚ ਜ਼ਮਾਨਤ ਲਈ ਅਰਜ਼ੀ ਦਿਤੀ ਸੀ ਪਰ ਸੱਤਵੀਂ ਵਾਰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਸੀ। ’’
ਏਜੰਸੀ ਨੇ ਕਿਹਾ ਕਿ ਨੀਰਵ ਨੇ ਜ਼ਮਾਨਤ ਦੇ ਹੁਕਮ ਵਿਰੁਧ ਬਰਤਾਨੀਆਂ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ ਸੀ, ਜਿਸ ਨੂੰ ਬਾਅਦ ਵਿਚ ਵਾਪਸ ਲੈ ਲਿਆ ਗਿਆ ਸੀ ਅਤੇ ਉਹ ਇਸ ਸਮੇਂ ਬਰਤਾਨੀਆਂ ਦੀ ਜੇਲ੍ਹ ਵਿਚ ਬੰਦ ਹੈ। (ਪੀਟੀਆਈ)
(For more news apart from E.D. seized property of fugitive diamond merchant Nirav Modi News in Punjabi, stay tuned to Rozana Spokesman)