
ਇਸ ਕਾਰਜ ਲਈ ਲਗਾਏ ਜਾਣ ਵਾਲੇ ਵਿਸ਼ੇਸ਼ ਕੈਮਰਿਆਂ 'ਤੇ 39.96 ਲੱਖ ਰੁਪਏ ਖਰਚ ਕੀਤੇ ਜਾਣਗੇ।
ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਸ਼ਹਿਰ ਦੀ ਸਫਾਈ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦਾ। ਅਜਿਹੇ 'ਚ ਨਿਗਮ ਖੁੱਲ੍ਹੇ 'ਚ ਕੂੜਾ ਸੁੱਟਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਮੂਡ 'ਚ ਹੈ। ਨਿਗਮ ਅਜਿਹੇ ਲੋਕਾਂ 'ਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰਿਆਂ ਦੀ ਮਦਦ ਲਵੇਗਾ। ਕੈਮਰੇ 37 ਗਾਰਬੇਜ ਵੁਲਨੇਰੇਬਲ ਪੁਆਇੰਟਸ (ਜੀਵੀਪੀ) 'ਤੇ ਲਗਾਏ ਜਾਣਗੇ। ਇਸ ਦੇ ਨਾਲ ਹੀ ਇਕ ਅਲਰਟ ਸਿਸਟਮ ਵੀ ਫਿੱਟ ਕੀਤਾ ਜਾਵੇਗਾ, ਜੋ ਨਿਗਮ ਨੂੰ ਕੂੜਾ ਡੰਪ ਕਰਨ ਦੀ ਸੂਚਨਾ ਦੇਵੇਗਾ।
ਇਹ ਸਿਮ ਆਧਾਰਿਤ ਕੈਮਰਿਆਂ ਨੂੰ ਸੈਕਟਰ-17 ਸਥਿਤ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ. ਸੀ. ਸੀ. ਸੀ.) ਨਾਲ ਜੋੜਿਆ ਜਾਵੇਗਾ। ਜਿਵੇਂ ਹੀ ਕੋਈ ਵਿਅਕਤੀ ਇਨ੍ਹਾਂ ਪੁਆਇੰਟਾਂ 'ਤੇ ਖੁੱਲ੍ਹੇ 'ਚ ਕੂੜਾ ਸੁੱਟਦਾ ਹੈ, ਕਮਾਂਡ ਸੈਂਟਰ ਅਲਰਟ ਜਾਰੀ ਕਰੇਗਾ, ਜਿਸ ਤੋਂ ਬਾਅਦ ਉਸ ਵਿਅਕਤੀ ਦਾ ਚਲਾਨ ਕੀਤਾ ਜਾਵੇਗਾ। ਸ਼ਹਿਰ ਦੇ ਜ਼ਿਆਦਾਤਰ ਜੀਵੀਪੀ ਸੈਕਟਰਾਂ ਦੇ ਬਾਜ਼ਾਰ ਖੇਤਰ ਅਤੇ ਖੁੱਲ੍ਹੇ ਵਿੱਚ ਹਨ। ਇਸ ਕਾਰਜ ਲਈ ਲਗਾਏ ਜਾਣ ਵਾਲੇ ਵਿਸ਼ੇਸ਼ ਕੈਮਰਿਆਂ 'ਤੇ 39.96 ਲੱਖ ਰੁਪਏ ਖਰਚ ਕੀਤੇ ਜਾਣਗੇ।
ਨਗਰ ਨਿਗਮ ਦਾ ਕਹਿਣਾ ਹੈ ਕਿ ਲੋਕ ਅਕਸਰ ਖੁੱਲ੍ਹੇ ਵਿੱਚ ਕੂੜਾ ਸੁੱਟ ਦਿੰਦੇ ਹਨ ਅਤੇ ਉਥੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਜਾਂਦੇ ਹਨ। ਇਸ ਪ੍ਰਥਾ ਨੂੰ ਰੋਕਣ ਲਈ ਨਿਗਮ ਇਹ ਕਦਮ ਚੁੱਕਣ ਜਾ ਰਿਹਾ ਹੈ। ਕੈਮਰੇ ਲਾਉਣ ਲਈ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਦਿੱਤੇ 5.14 ਕਰੋੜ ਰੁਪਏ ਦੇ ਫੰਡਾਂ ਦੀ ਵਰਤੋਂ ਨਿਗਮ ਕਰੇਗੀ। ਇਹ ਫੰਡ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਤਹਿਤ ਜਾਰੀ ਕੀਤਾ ਗਿਆ ਸੀ।
ਨਿਗਮ ਨੇ ਇਸ ਸਾਲ ਕੂੜਾ ਪ੍ਰਬੰਧਨ ਦੀ ਅਣਦੇਖੀ ਕਰਨ ਵਾਲਿਆਂ 'ਤੇ ਜੁਰਮਾਨੇ ਵਧਾ ਦਿੱਤੇ ਸਨ। ਜੇਕਰ ਕੋਈ ਡਰੇਨੇਜ ਸਿਸਟਮ ਅਤੇ ਨਾਲੀਆਂ ਵਿੱਚ ਕੂੜਾ ਸੁੱਟਦਾ ਹੈ ਤਾਂ ਉਸ ਨੂੰ 5789 ਰੁਪਏ ਜੁਰਮਾਨਾ ਕੀਤਾ ਜਾਵੇਗਾ। ਜੇਕਰ ਫੈਸਟੀਵਲ ਹਾਲ, ਮੈਰਿਜ ਪੈਲੇਸ, ਪ੍ਰਦਰਸ਼ਨੀ, ਕਲੱਬ, ਸਿਨੇਮਾ, ਕਮਿਊਨਿਟੀ ਹਾਲ ਅਤੇ ਮਲਟੀਪਲੈਕਸ ਅਜਿਹਾ ਕਰਦੇ ਹਨ, ਤਾਂ ਉਨ੍ਹਾਂ ਨੂੰ 11,567 ਰੁਪਏ ਜੁਰਮਾਨਾ ਕੀਤਾ ਜਾਵੇਗਾ। ਬਾਕੀਆਂ 'ਤੇ ਇਹ ਜੁਰਮਾਨੇ ਦੀ ਰਕਮ 1,158 ਰੁਪਏ ਹੋਵੇਗੀ। ਚੰਡੀਗੜ੍ਹ ਵਿੱਚ ਸੁੱਕਾ, ਗਿੱਲਾ, ਘਰੇਲੂ ਰਸਾਇਣਕ ਰਹਿੰਦ-ਖੂੰਹਦ ਅਤੇ ਸੈਨੇਟਰੀ ਵੇਸਟ ਨੂੰ ਵੱਖ-ਵੱਖ ਤੌਰ 'ਤੇ ਇਕੱਠਾ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਿਗਮ ਵੱਲੋਂ 1.22 ਕਰੋੜ ਰੁਪਏ ਦੀ ਲਾਗਤ ਨਾਲ 5 ਛੋਟੀਆਂ ਰੋਡ ਸਵੀਪਿੰਗ ਮਸ਼ੀਨਾਂ ਵੀ ਖਰੀਦੀਆਂ ਜਾਣਗੀਆਂ। 1.47 ਕਰੋੜ ਰੁਪਏ ਵਿੱਚ ਤਿੰਨ ਡਸਟ/ਮਿੱਟ/ਕੂੜਾ ਚੂਸਣ ਵਾਲੀਆਂ ਮਸ਼ੀਨਾਂ ਖਰੀਦੀਆਂ ਜਾਣਗੀਆਂ। ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ 99.90 ਲੱਖ ਵਿੱਚ 2 ਸਪ੍ਰਿੰਕਲਰ ਮਸ਼ੀਨ ਵਾਹਨ ਖਰੀਦਣ ਦੀ ਵੀ ਯੋਜਨਾ ਹੈ।