
ਇਕ ਹੱਥ ਅਤੇ ਦੋਵੇਂ ਪੈਰ ਕੱਟੇ ਗਏ, ਜ਼ਿੰਦਗੀ ਅਤੇ ਮੌਤ ’ਚ ਝੂਲ ਰਹੀ ਹੈ ਵਿਦਿਆਰਥਣ
ਲਾਪਰਵਾਹੀ ਵਰਤਣ ਲਈ ਤਿੰਨ ਪੁਲਿਸ ਮੁਲਾਜ਼ਮ ਮੁਅੱਤਲ
ਬਰੇਲੀ/ਲਖਨਊ: ਬਰੇਲੀ ਸ਼ਹਿਰ ਦੇ ਸੀਬੀਗੰਜ ਥਾਣਾ ਇਲਾਕੇ ’ਚ ਮੰਗਲਵਾਰ ਸ਼ਾਮ ਨੂੰ ਛੇੜਖਾਨੀ ਦਾ ਵਿਰੋਧ ਕਰਨ ’ਤੇ ਕੋਚਿੰਗ ਤੋਂ ਘਰ ਪਰਤ ਰਹੀ ਨਾਬਾਲਗ ਵਿਦਿਆਰਥਣ ਨੂੰ ਦੋ ਮੁੰਡਿਆਂ ਨੇ ਕਥਿਤ ਰੂਪ ’ਚ ਚਲਦੀ ਰੇਲ ਗੱਡੀ ਅੱਗੇ ਸੁੱਟ ਦਿਤਾ, ਜਿਸ ਕਾਰਨ ਉਸ ਦਾ ਇਕ ਹੱਥ ਅਤੇ ਦੋਵੇਂ ਪੈਰ ਕੱਟੇ ਗਏ। ਪੁਲਿਸ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।
ਪੁਲਿਸ ਮੁਤਾਬਕ ਮਾਮਲੇ ’ਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲਖਨਊ ’ਚ ਜਾਰੀ ਇਕ ਬਿਆਨ ਮੁਤਾਬਕ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ’ਤੇ ਸਖ਼ਤ ਰੁਖ਼ ਅਪਣਾਇਆ ਹੈ ਅਤੇ ਇਸ ਮਾਮਲੇ ’ਚ ਲਾਪਰਵਾਹੀ ਲਈ ਸੀ.ਬੀ. ਗੰਜ ਪੁਲਿਸ ਥਾਣਾ ਦੇ ਇੰਚਾਰਜ ਇੰਸਪੈਕਟਰ, ਇਕ ਸਬ-ਇੰਸਪੈਕਟਰ ਅਤੇ ਇਕ ਕਾਂਸਟੇਬਲ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦਾ ਹੁਕਮ ਦਿਤਾ ਹੈ।
ਪੁਲਿਸ ਮੁਤਾਬਕ ਮੰਗਲਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ’ਚ ਵਿਦਿਆਰਥਣ ਜ਼ਿੰਦਗੀ ਅਤੇ ਮੌਤ ਵਿਚਕਾਰ ਝੂਲ ਰਹੀ ਹੈ। ਉਸ ਦੀਆਂ ਕਈ ਹੱਡੀਆਂ ਟੁੱਟ ਗਈਆਂ। ਹਸਪਤਾਲ ’ਚ ਭਰਤੀ ਵਿਦਿਆਰਥਣ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬਿਆਨ ਮੁਤਾਬਕ ਮੁੱਖ ਮੰਤਰੀ ਨੇ ਜ਼ਖ਼ਮੀ ਵਿਦਿਆਰਥਣ ਦਾ ਢੁਕਵਾਂ ਇਲਾਜ ਕਰਵਾਉਣ ਅਤੇ ਪੰਜ ਲੱਖ ਰੁਪਏ ਦੀ ਸਹਾਇਤਾ ਰਕਮ ਤੁਰਤ ਦੇਣ ਦੇ ਹੁਕਮ ਦਿਤੇ ਹਨ।
ਪੁਲਸ ਮੁਤਾਬਕ ਸੀਬੀਗੰਜ ਥਾਣਾ ਖੇਤਰ ਦੇ ਇਕ ਪਿੰਡ ਨਿਵਾਸੀ 17 ਸਾਲਾ ਇੰਟਰਮੀਡੀਏਟ ਵਿਦਿਆਰਥੀ ਦੇ ਪਿਤਾ ਨੇ ਦਸਿਆ ਕਿ ਉਸ ਦੀ ਬੇਟੀ ਹਰ ਸ਼ਾਮ ਸੀਬੀਗੰਜ ਕੋਚਿੰਗ ਪੜ੍ਹਨ ਲਈ ਜਾਂਦੀ ਸੀ। ਉਸ ਦੇ ਆਉਣ-ਜਾਣ ਦੌਰਾਨ ਇਕ ਨੌਜਵਾਨ ਅਤੇ ਉਸ ਦਾ ਸਾਥੀ ਉਸ ਨਾਲ ਛੇੜਛਾੜ ਕਰਦੇ ਸਨ। ਵਿਦਿਆਰਥੀ ਤੋਂ ਜਾਣਕਾਰੀ ਮਿਲਣ ’ਤੇ ਪਰਿਵਾਰ ਨੇ ਦੋਸ਼ੀ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਿਕਾਇਤ ਕੀਤੀ ਪਰ ਦੋਵੇਂ ਨਹੀਂ ਮੰਨੇ। ਮਾਪਿਆਂ ਦਾ ਕਹਿਣਾ ਹੈ ਕਿ ਛੇੜਛਾੜ ਦੀ ਘਟਨਾ ਬਾਰੇ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਪਰ ਸੀਬੀਗੰਜ ਪੁਲਿਸ ਨ ਪਿੰਡ ’ਚ ਜਾ ਕੇ ਜਾਂਚ ਵੀ ਨਹੀਂ ਕੀਤੀ।