
ਸੀ.ਬੀ.ਆਈ. ਨੇ ਸੰਭਾਲੀ ਜਾਂਚ ਦੀ ਜ਼ਿੰਮੇਵਾਰੀ, ਸੰਸਥਾਪਕ ਦੀ ਰਿਹਾਇਸ਼ ਅਤੇ ਦਫ਼ਤਰ ’ਤੇ ਛਾਪੇਮਾਰੀ
ਨਵੀਂ ਦਿੱਲੀ, 11 ਅਕਤੂਬਰ: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਵਿਦੇਸ਼ੀ ਅੰਸ਼ਦਾਨ (ਵਟਾਂਦਰਾ) ਐਕਟ ਦੀ ਕਥਿਤ ਉਲੰਘਣਾ ਲਈ ਨਿਊਜ਼ਕਲਿੱਕ ਵਿਰੁਧ ਇਕ ਐਫ਼.ਆਈ.ਆਰ. ਦਰਜ ਕੀਤੀ ਅਤੇ ਬੁਧਵਾਰ ਨੂੰ ਨਿਊਜ਼ ਪੋਰਟਲ ਦੇ ਸੰਸਥਾਪਕ ਪ੍ਰਬੀਰ ਪੁਰਕਾਇਸਥ ਦੇ ਦਫ਼ਤਰ ਅਤੇ ਘਰ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਦੇ ਅਧਿਕਾਰੀਆਂ ਦੀ ਇਕ ਟੀਮ ਨੇ ‘ਨਿਊਜ਼ਕਲਿੱਕ’ ਦੇ ਸੰਸਥਾਪਕ ਪ੍ਰਬੀਰ ਪੁਰਕਾਇਸਥ ਦੇ ਘਰ ਅਤੇ ਦਫ਼ਤਰ ’ਤੇ ਛਾਪੇ ਮਾਰੇ ਜਿਨ੍ਹਾਂ ਨੂੰ ਦਿੱਲੀ ਪੁਲਿਸ ਨੇ ਇਕ ਮਾਮਲੇ ’ਚ ਗ਼ੈਰਕਾਨੂੰਨੀ ਗਤੀਵਿਧੀ ਰੋਕਥਾਮ ਐਕਟ (ਯੂ.ਏ.ਪੀ.ਏ.) ਹੇਠ ਪਿੱਛੇ ਜਿਹੇ ਗ੍ਰਿਫ਼ਤਾਰ ਕੀਤਾ ਸੀ।
ਨਿਊਜ਼ ਪੋਰਟਲ ਨੇ ਕਿਹਾ ਕਿ ਉਹ ਅਧਿਕਾਰੀਆਂ ਨਾਲ ਸਹਿਯੋਗ ਕਰ ਰਿਹਾ ਹੈ। ਉਸ ਨੇ ਸੋਸ਼ਲ ਮੀਡੀਆ ਮੰਚ ‘ਐਕਸ’ (ਪਹਿਲਾਂ ਟਵਿੱਟਰ) ’ਤੇ ਕਿਹਾ, ‘‘ਸੀ.ਬੀ.ਆਈ. ਇਸ ਵੇਲੇ ਨਿਊਜ਼ਕਲਿੱਕ ਦਫ਼ਤਰ ਅਤੇ ਸਾਡੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਇਸਥ ਦੇ ਘਰ ਛਾਪੇਮਾਰੀ ਅਤੇ ਜ਼ਬਤੀ ਮੁਹਿੰਮ ਚਲਾ ਰਹੀ ਹੈ। ਇਹ ਪੰਜਵੀਂ ਏਜੰਸੀ ਹੈ ਜੋ ਸਾਡੇ ਵਿਰੁਧ ਜਾਂਚ ਕਰ ਰਹੀ ਹੈ। ਅਸੀਂ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੇ ਹਨ।’’
ਪੋਰਟਲ ’ਤੇ ਇਲਜ਼ਾਮ ਹੈ ਕਿ ਉਸ ਨੇ ਵਿਦੇਸ਼ੀ ਅੰਸ਼ਦਾਨ ਵਟਾਂਦਰਾ ਐਕਟ (ਐਫ਼.ਸੀ.ਆਰ.ਏ.) ਦੀ ਉਲੰਘਣਾ ਕਰਦਿਆਂ ਵਿਦੇਸ਼ੀ ਪੈਸਾ ਪ੍ਰਾਪਤ ਕੀਤਾ। ਦਿੱਲੀ ਪੁਲਿਸ ਨੇ ਨਿਊਜ਼ ਪੋਰਟਲ ਵਿਰੁਧ ਅਪਣੀ ਜਾਂਚ ’ਚ ਦੋਸ਼ ਲਾਇਆ ਹੈ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੇ ਕਥਿਤ ਪ੍ਰਚਾਰ ਵਿਭਾਗ ਦੇ ਇਕ ਸਰਗਰਮ ਮੈਂਬਰ ਨੇਵਿਲ ਰਾਏ ਸਿੰਘਮ ਵਲੋਂ ਧੋਖਾਧੜੀ ਨਾਲ ਪੈਸਾ ਦਿਤਾ ਗਿਆ। ਪੋਰਟਲ ਨੇ ਦੋਸ਼ਾਂ ਨੂੰ ਰੱਦ ਕੀਤਾ ਹੈ।
ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਪੁਰਕਾਇਸਥ ਅਤੇ ਪੋਰਟਲ ਦੇ ਮਨੁੱਖੀ ਸਰੋਤ ਵਿਭਾਗ ਪ੍ਰਮੁੱਖ ਅਮਿਤ ਚੱਕਰਵਰਤੀ ਨੂੰ 3 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਦਿੱਲੀ ’ਚ ਨਿਊਜ਼ਕਲਿੱਕ ਦਾ ਦਫ਼ਤਰ ਸੀਲ ਵੀ ਕਰ ਦਿਤਾ ਸੀ। ਐਫ਼.ਆਈ.ਆਰ. ਮੁਤਾਬਕ ਨਿਊਜ਼ਪੋਰਟਲ ਨੂੰ ਵੱਡੀ ਰਕਮ ਚੀਨ ਤੋਂ ਆਈ ਸੀ ਜੋ ‘ਭਾਰਤ ਦੀ ਸੰਪ੍ਰਭੂਤਾ ’ਚ ਰੇੜਕਾ ਪਾਉਣ’ ਅਤੇ ਦੇਸ਼ ਵਿਰੁਧ ਅਸੰਤੋਸ਼ ਪੈਦਾ ਕਰਵਾਉਣ ਲਈ ਸੀ। ਇਸ ’ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਪੁਰਕਾਇਸਥ ਨੇ 2019 ’ਚ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਕਿਰਿਆ ’ਚ ਖਲਲ ਪਾਉਣ ਲਈ ਇਕ ਸਮੂਹ - ‘ਪੀਪਲਜ਼ ਅਲਾਇੰਸ ਫ਼ਾਰ ਡੈਮੋਕ੍ਰੇਸੀ ਐਂਡ ਸੈਕਲੂਰਿਜ਼ਮ’ (ਪੀ.ਏ.ਡੀ.ਐੱਸ) ਨਾਲ ਮਿਲ ਕੇ ਸਾਜ਼ਸ਼ ਰਹੀ।