ਕਿਹਾ, 25 EVM ਕੰਟਰੋਲ ਯੂਨਿਟਾਂ ਵਿਚ 99 ਫੀ ਸਦੀ ਬੈਟਰੀਆਂ ਵਿਖਾਈਆਂ ਜਾ ਰਹੀਆਂ ਸਨ, EVM ਦੀ ਵਰਤੋਂ ਦਿਨ ਭਰ ਵੋਟਿੰਗ ਤੋਂ ਬਾਅਦ ਵੀ ਏਨੀ ਬੈਟਰੀ ਕਿਸ ਤਰ੍ਹਾਂ ਰਹਿ ਗਈ?
ਨਵੀਂ ਦਿੱਲੀ : ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੌਰਾਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ਼ (EVM) ’ਚ ਗੜਬੜੀ ਦਾ ਦੋਸ਼ ਲਗਾਉਂਦੇ ਹੋਏ ਸ਼ੁਕਰਵਾਰ ਨੂੰ ਚੋਣ ਕਮਿਸ਼ਨ ਨੂੰ ਹੋਰ ਸ਼ਿਕਾਇਤਾਂ ਸੌਂਪੀਆਂ।
20 ਵਿਧਾਨ ਸਭਾ ਹਲਕਿਆਂ ਦੇ ਕਾਂਗਰਸੀ ਉਮੀਦਵਾਰਾਂ ਵਲੋਂ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤਾਂ ’ਚ ਉਨ੍ਹਾਂ ਦੋਸ਼ ਲਾਇਆ ਕਿ 8 ਅਕਤੂਬਰ ਨੂੰ ਹੋਈਆਂ ਵੋਟਾਂ ਦੀ ਗਿਣਤੀ ਦੌਰਾਨ ਕੁੱਝ EVM ਦੀਆਂ ਬੈਟਰੀਆਂ 99 ਫ਼ੀ ਸਦੀ ਚਾਰਜ ਕੀਤੀਆਂ ਗਈਆਂ ਸਨ। ਇਹ ਸ਼ਿਕਾਇਤਾਂ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਦਰਜ ਕੀਤੀਆਂ ਗਈਆਂ ਹਨ। ਕਾਂਗਰਸ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ ‘ਅਣਕਿਆਸੇ’ ਹਨ ਅਤੇ ਕੁੱਝ ਸੀਟਾਂ ’ਤੇ EVM ’ਚ ਕਥਿਤ ਗੜਬੜ ਹੈ।
ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ, ‘‘9 ਅਕਤੂਬਰ ਨੂੰ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਸੌਂਪੀਆਂ ਸਨ। ਅੱਜ, ਅਸੀਂ ਹਰਿਆਣਾ ਦੇ 20 ਵਿਧਾਨ ਸਭਾ ਹਲਕਿਆਂ ’ਚ ਚੋਣ ਪ੍ਰਕਿਰਿਆ ’ਚ ਗੰਭੀਰ ਅਤੇ ਸਪੱਸ਼ਟ ਬੇਨਿਯਮੀਆਂ ਨੂੰ ਉਜਾਗਰ ਕਰਦਿਆਂ ਇਕ ਅੱਪਡੇਟ ਮੰਗ ਪੱਤਰ ਦਿਤਾ ਹੈ।’’
ਕਮਿਸ਼ਨ ਨੂੰ ਸੌਂਪੇ ਗਏ ਮੰਗ ਪੱਤਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਕਿਹਾ, ‘‘ਸਾਨੂੰ ਉਮੀਦ ਹੈ ਕਿ ਕਮਿਸ਼ਨ ਇਸ ਦਾ ਨੋਟਿਸ ਲਵੇਗਾ ਅਤੇ ਉਚਿਤ ਹੁਕਮ ਜਾਰੀ ਕਰੇਗਾ।’’
ਕਮਿਸ਼ਨ ਨੂੰ ਦਿਤੇ ਪਾਰਟੀ ਦੇ ਮੰਗ ਪੱਤਰ ’ਚ ਕਿਹਾ ਗਿਆ ਹੈ, ‘‘ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਬੰਧਤ ਸ਼ਿਕਾਇਤਾਂ ’ਤੇ ਤੁਰਤ ਕਾਰਵਾਈ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਇਨ੍ਹਾਂ ਹਲਕਿਆਂ ਦੀਆਂ ਸਾਰੀਆਂ EVMs ਨੂੰ ਤੁਰਤ ਸੀਲ ਕੀਤਾ ਜਾਵੇ। ਇਹ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੀਆਂ ਸ਼ਿਕਾਇਤਾਂ ਦੀ ਵਿਸਥਾਰਤ ਜਾਂਚ ਸ਼ੁਰੂ ਕੀਤੀ ਜਾਵੇ ਅਤੇ ਇਸ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇ।’’
ਕਾਂਗਰਸ ਦੇ ਕੁੱਝ ਉਮੀਦਵਾਰਾਂ ਨੇ ਚੋਣ ਕਮਿਸ਼ਨ ਨੂੰ ਭੇਜੀਆਂ ਅਪਣੀਆਂ ਲਿਖਤੀ ਸ਼ਿਕਾਇਤਾਂ ’ਚ ਦੋਸ਼ ਲਾਇਆ ਹੈ ਕਿ ਵੋਟਾਂ ਦੀ ਗਿਣਤੀ ਦੌਰਾਨ ਜ਼ਿਆਦਾਤਰ EVM 80 ਫੀ ਸਦੀ ਤੋਂ ਘੱਟ ਚਾਰਜ ਸਨ, ਜਦਕਿ ਕੁੱਝ 99 ਫੀ ਸਦੀ ਸਨ।
ਕਾਂਗਰਸ ਦੇ ਇਕ ਉਮੀਦਵਾਰ ਨੇ ਕਿਹਾ, ‘‘ਇਹ ਨੋਟ ਕੀਤਾ ਜਾ ਸਕਦਾ ਹੈ ਕਿ EVM ’ਚ ਬੈਟਰੀਆਂ ਦੀ ਚਾਰਜਿੰਗ ਦੀ ਫ਼ੀ ਸਦੀਤਾ ਚੋਣ ਨਤੀਜਿਆਂ ਬਾਰੇ ਗੰਭੀਰ ਸ਼ੱਕ ਪੈਦਾ ਕਰਦੀ ਹੈ ਕਿਉਂਕਿ ਕਾਂਗਰਸ ਦੇ ਉਮੀਦਵਾਰ ਉਨ੍ਹਾਂ ’ਚੋਂ ਜ਼ਿਆਦਾਤਰ EVM ’ਚ ਵੋਟਾਂ ਦੀ ਗਿਣਤੀ ’ਚ ਜੇਤੂ ਰਹੇ ਹਨ ਜਿਨ੍ਹਾਂ ਦੀ ਬੈਟਰੀ ਫ਼ੀ ਸਦੀਤਾ 80 ਫ਼ੀ ਸਦੀ ਤੋਂ ਘੱਟ ਸੀ।’’
ਕਾਂਗਰਸ ਦੇ ਇਕ ਹੋਰ ਉਮੀਦਵਾਰ ਅਮਿਤ ਸਿਹਾਗ ਨੇ ਕਿਹਾ ਕਿ ਗਿਣਤੀ ਪ੍ਰਕਿਰਿਆ ਦੌਰਾਨ ਇਹ ਪਾਇਆ ਗਿਆ ਕਿ ਲਗਭਗ 25 EVM ਕੰਟਰੋਲ ਯੂਨਿਟਾਂ ਵਿਚ 99 ਫੀ ਸਦੀ ਬੈਟਰੀਆਂ ਵਿਖਾਈਆਂ ਜਾ ਰਹੀਆਂ ਸਨ। ਇਹ ਬਹੁਤ ਹੀ ਅਸਧਾਰਨ ਅਤੇ ਅਸੰਭਵ ਹੈ, ਕਿਉਂਕਿ EVM ਦੀ ਵਰਤੋਂ ਦਿਨ ਭਰ ਵੋਟਿੰਗ ਲਈ ਕੀਤੀ ਗਈ ਸੀ। ਆਮ ਵਰਤੋਂ ਦੇ ਤਹਿਤ ਇੰਨੀ ਉੱਚ ਬੈਟਰੀ ਫ਼ੀ ਸਦੀਤਾ ਅਸੰਭਵ ਹੈ, ਜੋ ਇਨ੍ਹਾਂ ਮਸ਼ੀਨਾਂ ਦੀ ਪ੍ਰਮਾਣਿਕਤਾ ਬਾਰੇ ਸਵਾਲ ਉਠਾਉਂਦੀ ਹੈ।
ਕੰਟਰੋਲ ਯੂਨਿਟ ਬਦਲੇ ਜਾਣ ਦਾ ਸ਼ੱਕ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ, ‘‘ਮੇਰੀ ਟੀਮ ਅਤੇ ਵੋਟਰਾਂ ਨੂੰ ਇਸ ਗੱਲ ’ਤੇ ਸ਼ੱਕ ਹੈ ਕਿ ਇਨ੍ਹਾਂ ਇਕਾਈਆਂ ਨੂੰ ਬਦਲਿਆ ਗਿਆ ਹੈ, ਜਿਸ ਨਾਲ ਵੋਟਿੰਗ ਪ੍ਰਕਿਰਿਆ ਦੀ ਅਖੰਡਤਾ ’ਤੇ ਗੰਭੀਰ ਸ਼ੱਕ ਪੈਦਾ ਹੁੰਦਾ ਹੈ। ਇਹ ਚਿੰਤਾਵਾਂ ਪੈਦਾ ਕਰਦਾ ਹੈ ਕਿ ਚੋਣ ਨਤੀਜਿਆਂ ਨਾਲ ਛੇੜਛਾੜ ਕੀਤੀ ਗਈ ਹੈ।’’
ਪਾਰਟੀ ਦੇ ਸੂਬਾ ਪ੍ਰਧਾਨ ਉਦੈਭਾਨ ਦੇ ਚੋਣ ਏਜੰਟ ਨੇ ਦੋਸ਼ ਲਾਇਆ ਹੈ ਕਿ 90 ਫੀ ਸਦੀ ਤੋਂ ਵੱਧ ਬੈਟਰੀ ਬੈਕਅਪ ਵਾਲੀਆਂ EVM ਜ਼ਰੀਏ ਭਾਜਪਾ ਉਮੀਦਵਾਰ ਨੂੰ ਕਾਫੀ ਵੋਟਾਂ ਮਿਲੀਆਂ ਹਨ, ਜੋ ਜਾਅਲੀ ਡਾਟਾ ਜਾਪਦਾ ਹੈ। 60-70 ਫੀ ਸਦੀ ਬੈਟਰੀ ਬੈਕਅਪ ਵਾਲੀਆਂ EVM ਜ਼ਰੀਏ ਭਾਜਪਾ ਦੀਆਂ ਵੋਟਾਂ ਬਹੁਤ ਘੱਟ ਵਿਖਾਈਆਂ ਹਨ।
ਇਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਹੋਰ ਕਾਂਗਰਸੀ ਉਮੀਦਵਾਰਾਂ ਨੇ ਵੀ ਕੀਤੀਆਂ ਸਨ। ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਬੁਧਵਾਰ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਲਿਖਤੀ ਰੂਪ ’ਚ ਸੱਤ ਸ਼ਿਕਾਇਤਾਂ ਸੌਂਪੀਆਂ। ਉਸ ਨੇ ਕਿਹਾ ਸੀ ਕਿ ਉਹ ਅਪਣੇ ਕੁੱਝ ਹੋਰ ਉਮੀਦਵਾਰਾਂ ਦੀ ਤਰਫੋਂ ਵੀ ਅਜਿਹੀਆਂ ਵਿਸਥਾਰਤ ਸ਼ਿਕਾਇਤਾਂ ਪੇਸ਼ ਕਰੇਗਾ।
ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰਾਂ ਨੂੰ ਸੌਂਪੇ ਗਏ ਮੰਗ ਪੱਤਰ ’ਚ ਕਾਂਗਰਸ ਨੇ ਕਿਹਾ, ‘‘ਸਾਡੇ ਬਹੁਤ ਸਾਰੇ ਉਮੀਦਵਾਰਾਂ ਨੂੰ EVM ਦੀ ਸਮਰੱਥਾ ਅਤੇ ਉਨ੍ਹਾਂ ਦੀਆਂ ਬੈਟਰੀਆਂ ਨਾਲ ਜੁੜੇ ਮੁੱਦਿਆਂ ਦਾ ਸਾਹਮਣਾ ਕਰਨਾ ਪਿਆ ਹੈ।’’ ਮੰਗ ਪੱਤਰ ’ਚ ਕਿਹਾ ਗਿਆ ਹੈ ਕਿ ਇਨ੍ਹਾਂ EVMs ਦੀ ਵਰਤੋਂ 5 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਲਈ ਕੀਤੀ ਗਈ ਸੀ।
ਪਾਰਟੀ ਨੇ ਕਿਹਾ ਕਿ ਉਸ ਨੇ ਕਮਿਸ਼ਨ ਦਾ ਧਿਆਨ ਘੱਟੋ-ਘੱਟ ਸੱਤ ਵਿਧਾਨ ਸਭਾ ਹਲਕਿਆਂ ਵਲ ਖਿੱਚਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰਿਆਣਾ ਦੇ ਵਿਧਾਨ ਸਭਾ ਹਲਕਿਆਂ ਤੋਂ 13 ਹੋਰ ਸ਼ਿਕਾਇਤਾਂ/ਮੁੱਦੇ ਇਕੱਠੇ ਕੀਤੇ ਹਨ ਅਤੇ ਸਾਰੀਆਂ 20 ਸ਼ਿਕਾਇਤਾਂ ਨੂੰ ਜੋੜਿਆ ਹੈ।
ਨਾਰਨੌਲ, ਕਰਨਾਲ, ਡੱਬਵਾਲੀ, ਰੇਵਾੜੀ, ਹੋਡਲ (ਰਾਖਵਾਂ), ਕਾਲਕਾ, ਪਾਣੀਪਤ ਸਿਟੀ, ਇੰਦਰੀ, ਬਡਖਲ, ਫਰੀਦਾਬਾਦ ਐਨ.ਆਈ.ਟੀ., ਨਲਵਾ, ਰਾਣੀਆ, ਪਟੌਦੀ (ਰਾਖਵਾਂ), ਪਲਵਲ, ਬੱਲਭਗੜ੍ਹ, ਬਰਵਾਲਾ, ਉਚਾਨਾ ਕਲਾਂ, ਘੜੌਂਡਾ, ਕੋਸਲੀ ਅਤੇ ਬਾਦਸ਼ਾਹਪੁਰ ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸੀ ਉਮੀਦਵਾਰਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ’ਚ ਉਹ ਸੀਟਾਂ ਸ਼ਾਮਲ ਹਨ ਜਿੱਥੇ ਪਾਰਟੀ ਦੇ ਉਮੀਦਵਾਰ ਥੋੜੇ ਫਰਕ ਨਾਲ ਹਾਰ ਗਏ ਅਤੇ ਸ਼ਿਕਾਇਤਕਰਤਾਵਾਂ ’ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਉਦੈ ਭਾਨ ਵੀ ਸ਼ਾਮਲ ਹਨ।