
''ਦੁਨੀਆਂ ਦੇ ਵੱਖ-ਵੱਖ ਹਿੱਸਿਆਂ ’ਚ ਸੰਘਰਸ਼ਾਂ ਦਾ ਗਲੋਬਲ ਸਾਊਥ ਦੇ ਦੇਸ਼ਾਂ ’ਤੇ ਸੱਭ ਤੋਂ ਜ਼ਿਆਦਾ ਨਕਾਰਾਤਮਕ ਅਸਰ ਪਿਆ ਹੈ''
East Asia Summit : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਯੂਰੇਸ਼ੀਆ ਅਤੇ ਪਛਮੀ ਏਸ਼ੀਆ ’ਚ ਸ਼ਾਂਤੀ ਅਤੇ ਸਥਿਰਤਾ ਜਲਦੀ ਤੋਂ ਜਲਦੀ ਬਹਾਲ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ’ਚ ਸੰਘਰਸ਼ਾਂ ਦਾ ਗਲੋਬਲ ਸਾਊਥ ਦੇ ਦੇਸ਼ਾਂ ’ਤੇ ਸੱਭ ਤੋਂ ਜ਼ਿਆਦਾ ਨਕਾਰਾਤਮਕ ਅਸਰ ਪਿਆ ਹੈ।
19ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਸਮੱਸਿਆਵਾਂ ਦਾ ਹੱਲ ਜੰਗ ਦੇ ਮੈਦਾਨ ਤੋਂ ਨਹੀਂ ਨਿਕਲ ਸਕਦਾ। ਖੇਤਰ ’ਚ ਚੀਨ ਦੀ ਵਧਦੀ ਹਮਲਾਵਾਰਤਾ ਵਿਚਕਾਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੂਰੇ ਖੇਤਰ ’ਚ ਸ਼ਾਂਤੀ ਅਤੇ ਤਰੱਕੀ ਲਈ ਆਜ਼ਾਦ, ਖੁੱਲ੍ਹਾ, ਸਮਾਵੇਸ਼ੀ, ਖੁਸ਼ਹਾਲ ਅਤੇ ਨਿਯਮ ਆਧਾਰਤ ਹਿੰਦ-ਪ੍ਰਸ਼ਾਂਤ ਖੇਤਰ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ ਕਿ ਦਖਣੀ ਚੀਨ ਸਾਗਰ ’ਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਪੂਰੇ ਹਿੰਦ-ਪ੍ਰਸ਼ਾਂਤ ਖੇਤਰ ਦੇ ਹਿੱਤ ’ਚ ਹੈ।
ਮੋਦੀ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਸਮੁੰਦਰੀ ਗਤੀਵਿਧੀਆਂ ਸੰਯੁਕਤ ਰਾਸ਼ਟਰੀ ਕਾਨੂੰਨ ਸੰਧੀ (ਯੂ.ਐਨ.ਸੀ.ਐਲ.ਓ.ਐਸ.) ਹੇਠ ਸੰਚਾਲਿਤ ਕੀਤੀ ਜਾਣੀ ਚਾਹੀਦੀ ਹੈ। ਸਮੁੰਦਰੀ ਆਵਾਜਾਈ ਅਤੇ ਹਵਾਈ ਖੇਤਰ ਦੀ ਆਜ਼ਾਦੀ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ। ਇਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਜ਼ਾਬਤਾ ਬਣਾਇਆ ਜਾਣਾ ਚਾਹੀਦਾ ਹੈ। ਅਤੇ ਇਸ ਨਾਲ ਖੇਤਰੀ ਦੇਸ਼ਾਂ ਦੀ ਵਿਦੇਸ਼ ਨੀਤੀ ’ਤੇ ਰੋਕ ਨਹੀਂ ਲੱਗਣੀ ਚਾਹੀਦੀ।’’ ਉਨ੍ਹਾਂ ਕਿਹਾ, ‘‘ਸਾਡੀ ਪਹੁੰਚ ਵਿਕਾਸ ਦੀ ਹੋਣੀ ਚਾਹੀਦੀ ਹੈ ਨਾ ਕਿ ਵਿਸਥਾਰਵਾਦ ਦੀ।’’
ਉਨ੍ਹਾਂ ਕਿਹਾ ਕਿ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ’ਚ ਸੰਘਰਸ਼ਾਂ ਨਾਲ ਸੱਭ ਤੋਂ ਵੱਧ ਨਕਾਰਾਤਮਕ ਤੌਰ ’ਤੇ ਪ੍ਰਭਾਵਤ ਦੇਸ਼ ‘ਗਲੋਬਲ ਸਾਊਥ’ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਯੂਰੇਸ਼ੀਆ ਅਤੇ ਪਛਮੀ ਏਸ਼ੀਆ ਵਰਗੇ ਖੇਤਰਾਂ ’ਚ ਜਲਦੀ ਤੋਂ ਜਲਦੀ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਦੀ ਸਮੂਹਿਕ ਇੱਛਾ ਹੈ। ‘ਗਲੋਬਲ ਸਾਊਥ’ ਸ਼ਬਦ ਆਮ ਤੌਰ ’ਤੇ ਲਾਤੀਨੀ ਅਮਰੀਕਾ, ਏਸ਼ੀਆ, ਅਫਰੀਕਾ ਅਤੇ ਓਸ਼ੇਨੀਆ ਦੇ ਖੇਤਰਾਂ ’ਚ ਆਰਥਕ ਤੌਰ ’ਤੇ ਘੱਟ ਵਿਕਸਤ ਦੇਸ਼ਾਂ ਲਈ ਵਰਤਿਆ ਜਾਂਦਾ ਹੈ।
ਉਨ੍ਹਾਂ ਕਿਹਾ, ‘‘ਮੈਂ ਬੁੱਧ ਦੀ ਧਰਤੀ ਤੋਂ ਆਇਆ ਹਾਂ ਅਤੇ ਮੈਂ ਵਾਰ-ਵਾਰ ਕਿਹਾ ਹੈ ਕਿ ਇਹ ਜੰਗ ਦਾ ਯੁੱਗ ਨਹੀਂ ਹੈ। ਸਮੱਸਿਆਵਾਂ ਨੂੰ ਜੰਗ ਦੇ ਮੈਦਾਨ ਤੋਂ ਹੱਲ ਨਹੀਂ ਕੀਤਾ ਜਾ ਸਕਦਾ।’’
ਉਨ੍ਹਾਂ ਕਿਹਾ ਕਿ ਖੇਤਰੀ ਅਖੰਡਤਾ ਅਤੇ ਕੌਮਾਂਤਰੀ ਕਾਨੂੰਨਾਂ ਦਾ ਸਨਮਾਨ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾਵਾਦੀ ਦ੍ਰਿਸ਼ਟੀਕੋਣ ਤੋਂ ‘ਸਾਨੂੰ ਗੱਲਬਾਤ ਅਤੇ ਕੂਟਨੀਤੀ ’ਤੇ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ।’
ਉਨ੍ਹਾਂ ਕਿਹਾ ਕਿ ਵਿਸ਼ਵਬੰਧੂ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਭਾਰਤ ਇਸ ਦਿਸ਼ਾ ’ਚ ਹਰ ਸੰਭਵ ਤਰੀਕੇ ਨਾਲ ਯੋਗਦਾਨ ਦੇਣਾ ਜਾਰੀ ਰੱਖੇਗਾ। ਉਨ੍ਹਾਂ ਦੀ ਇਹ ਟਿਪਣੀ ਯੂਰੇਸ਼ੀਆ ਵਿਚ ਯੂਕਰੇਨ ਅਤੇ ਰੂਸ ਵਿਚਾਲੇ ਸੰਘਰਸ਼ ਅਤੇ ਮੱਧ ਪੂਰਬ ਵਿਚ ਇਜ਼ਰਾਈਲ-ਹਮਾਸ ਜੰਗ ਦੇ ਵਿਚਕਾਰ ਆਈ ਹੈ।
ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਅਤਿਵਾਦ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਵੀ ਗੰਭੀਰ ਚੁਨੌਤੀ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ’ਚ ਵਿਸ਼ਵਾਸ ਰੱਖਣ ਵਾਲੀਆਂ ਤਾਕਤਾਂ ਨੂੰ ਇਕੱਠੇ ਹੋਣਾ ਪਵੇਗਾ ਅਤੇ ਇਸ ਦਾ ਮੁਕਾਬਲਾ ਕਰਨ ਲਈ ਮਿਲ ਕੇ ਕੰਮ ਕਰਨਾ ਪਵੇਗਾ। ਪੂਰਬੀ ਏਸ਼ੀਆ ਸਿਖਰ ਸੰਮੇਲਨ ’ਚ 10 ਆਸੀਆਨ ਦੇਸ਼ਾਂ ਸਮੇਤ 18 ਭਾਈਵਾਲ ਦੇਸ਼ ਹਨ।