
ਕਿਹਾ ‘ਦੀਵਾਲੀ ਦੀ ਖਰੀਦਦਾਰੀ ਸਿਰਫ਼ ਹਿੰਦੂਆਂ ਤੋਂ ਕਰੋ’
ਪੁਣੇ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਸਨਿਚਰਵਾਰ ਨੂੰ ਕਿਹਾ ਕਿ ਦੀਵਾਲੀ ਦੀ ਖਰੀਦਦਾਰੀ ਉਤੇ ਪਾਰਟੀ ਦੇ ਵਿਧਾਇਕ ਸੰਗਰਾਮ ਜਗਤਾਪ ਦੀ ਟਿਪਣੀ ਲਈ ਐਨ.ਸੀ.ਪੀ. ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੇਗੀ।
ਐਨ.ਸੀ.ਪੀ. ਮੁਖੀ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਜਵਾਬ ਦੇ ਰਹੇ ਸਨ, ਜਿਸ ਵਿਚ ਜਗਤਾਪ ਉਤੇ ਦੋਸ਼ ਲਾਇਆ ਗਿਆ ਸੀ ਕਿ ਉਹ ਲੋਕਾਂ ਨੂੰ ਹਿੰਦੂ ਦੁਕਾਨਦਾਰਾਂ ਅਤੇ ਵਪਾਰੀਆਂ ਤੋਂ ਵਿਸ਼ੇਸ਼ ਤੌਰ ਉਤੇ ਖਰੀਦਣ ਦੀ ਅਪੀਲ ਕਰ ਰਹੇ ਹਨ। ਅਜੀਤ ਪਵਾਰ ਨੇ ਕਿਹਾ, ‘‘ਜਗਤਾਪ ਦਾ ਇਹ ਬਿਆਨ ਪੂਰੀ ਤਰ੍ਹਾਂ ਗਲਤ ਹੈ। ਜਦੋਂ ਪਾਰਟੀ ਦੀਆਂ ਨੀਤੀਆਂ ਅਤੇ ਉਦੇਸ਼ ਪਹਿਲਾਂ ਹੀ ਤੈਅ ਹੋ ਚੁਕੇ ਹਨ, ਤਾਂ ਕਿਸੇ ਵੀ ਵਿਧਾਇਕ ਨੂੰ ਅਜਿਹੀਆਂ ਟਿਪਣੀਆਂ ਨਹੀਂ ਕਰਨੀਆਂ ਚਾਹੀਦੀਆਂ। ਇਹ ਪਾਰਟੀ ਨੂੰ ਮਨਜ਼ੂਰ ਨਹੀਂ ਹੈ। ਅਸੀਂ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਭੇਜਾਂਗੇ।’’
ਜਗਤਾਪ ਅਹਿਮਦਨਗਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਪਵਾਰ ਨੇ ਇਹ ਵੀ ਕਿਹਾ, ‘‘ਜਦੋਂ ਤਕ ਅਰੁਣਕਾਕਾ ਜਗਤਾਪ (ਸੰਗਰਾਮ ਜਗਤਾਪ ਦੇ ਪਿਤਾ) ਜ਼ਿੰਦਾ ਸਨ, ਉਦੋਂ ਤਕ ਅਹਿਲਿਆਨਗਰ (ਪਹਿਲਾਂ ਅਹਿਮਦਨਗਰ) ਵਿਚ ਸੱਭ ਕੁੱਝ ਠੀਕ ਸੀ। ਅਸੀਂ ਇਕ ਵਾਧੂ ਬੋਝ ਮਹਿਸੂਸ ਕਰ ਰਹੇ ਹਾਂ। ਕੁੱਝ ਲੋਕਾਂ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਆਪਣੇ ਪਿਤਾ ਦੀ ਸਰਪ੍ਰਸਤੀ ਦੀ ਅਣਹੋਂਦ ’ਚ, ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਵਿਵਹਾਰ ਕਰਨਾ ਚਾਹੀਦਾ ਹੈ ਅਤੇ ਗੱਲ ਕਰਨੀ ਚਾਹੀਦੀ ਹੈ।’’