
ਛਤੀਸਗੜ੍ਹ ਦੇ ਨਕਸਲੀ ਪ੍ਰਭਾਵਿਤ ਕਾਂਕੇਰ ਵਿਖੇ ਨਕਸਲੀਆਂ ਵੱਲੋਂ ਕੀਤੇ ਗਏ 6 ਆਈਈਡੀ ਵਿਸਫੋਟਾਂ ਵਿਚ ਬੀਐਸਅਐਫ ਦੇ ਸਬ ਇੰਸਪੈਕਟਰ ਮਹਿੰਦਰ ਸਿੰਘ ਸ਼ਹੀਦ ਹੋ ਗਏ।
ਛਤੀਸਗੜ੍ਹ , ( ਭਾਸ਼ਾ ) : ਛਤੀਸਗੜ੍ਹ ਦੇ ਨਕਸਲੀ ਪ੍ਰਭਾਵਿਤ ਕਾਂਕੇਰ ਵਿਖੇ ਨਕਸਲੀਆਂ ਵੱਲੋਂ ਕੀਤੇ ਗਏ 6 ਆਈਈਡੀ ਵਿਸਫੋਟਾਂ ਵਿਚ ਬੀਐਸਅਐਫ ਦੇ ਸਬ ਇੰਸਪੈਕਟਰ ਮਹਿੰਦਰ ਸਿੰਘ ਸ਼ਹੀਦ ਹੋ ਗਏ। ਉਥੇ ਹੀ ਬੀਜਾਪੁਰ ਵਿਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚ ਹੋਈ ਮੁਠਭੇੜ ਵਿਚ ਇਕ ਨਕਸਲੀ ਨੂੰ ਮਾਰ ਦਿਤਾ ਗਿਆ। ਦੱਸ ਦਈਏ ਕਿ ਸੋਮਵਾਰ ਨੂੰ ਛਤੀਸਗੜ੍ਹ ਵਿਖੇ ਪਹਿਲੇ ਪੜਾਅ ਦੇ ਲਈ ਵੋਟਿੰਗ ਹੋਣੀ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਜਾਪੁਰ ਜ਼ਿਲ੍ਹੇ ਦੇ ਬੇਦਰੇ ਥਾਣਾ ਖੇਤਰ ਵਿਚ ਐਸਟੀਐਫ ਦਾ ਇਕ ਦਲ ਗਸ਼ਤ ਤੇ ਸੀ।
ਇਹ ਦਲ ਜਦ ਖੇਤਰ ਵਿਚ ਸੀ ਤਾਂ ਨਕਸਲੀਆਂ ਨੇ ਪੁਲਿਸ ਦਲ ਤੇ ਹਮਲਾ ਕਰ ਦਿਤਾ। ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਕੁਝ ਦੇਰ ਮੁਠਭੇੜ ਤੋਂ ਬਾਅਦ ਨਕਸਲੀ ਫ਼ਰਾਰ ਹੋ ਗਏ। ਬਾਅਦ ਵਿਚ ਪੁਲਿਸ ਦਲ ਨੇ ਹਾਦਸੇ ਵਾਲੀ ਥਾਂ ਦੀ ਤਲਾਸ਼ੀ ਲਈ ਤਾਂ ਕਾਲੀ ਵਰਦੀ ਵਿਚ ਇਕ ਨਕਸਲੀ ਦੀ ਲਾਸ਼, ਇਕ ਬੰਦੂਕ ਅਤੇ ਹੋਰ ਸਮਾਨ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਹੋਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ।
Encounter
ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਹਾਦਸੇ ਵਿਚ ਕਾਂਕੇਰ ਜ਼ਿਲ੍ਹੇ ਵਿਚ ਬਾਰੂਦੀ ਸਰੰਗ ਵਿਚ ਵਿਸਫੋਟ ਹੋਣ ਨਾਲ ਬੀਐਸਐਫ ਦਾ ਇਕ ਸਬ ਇੰਸਪੈਕਟਰ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕੋਇਲੀਬੇੜਾ ਥਾਣਾ ਖੇਤਰ ਵਿਚ ਬੀਐਸਐਫ ਦਾ ਦਲ ਗਸ਼ਤ ਲਈ ਨਿਕਲਿਆ ਸੀ। ਦਲ ਜਦ ਕੱਟਾਕਾਲ ਅਤੇ ਗੋਮੇ ਦੇ ਵਿਚਕਾਰ ਪੁੱਜਾ ਤਾਂ ਨਕਸਲੀਆਂ ਨੇ ਕੋਇਲੀ ਬੇੜਾ ਦੇ ਗੋਮ ਅਤੇ ਗੱਟਾਕਲ ਪਿੰਡ ਵਿਚ 6 ਆਈਈਡੀ ਵਿਸਫੋਟ ਕੀਤੇ।
BSF
ਇਸ ਦੌਰਾਨ ਬੀਐਸਐਫ ਦੇ ਸਬ ਇੰਸਪੈਕਟਰ ਮਹਿੰਦਰ ਸਿੰਘ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਖ਼ਬਰ ਮਿਲਣ ਤੋਂ ਬਾਅਦ ਹਾਦਸੇ ਵਾਲੇ ਥਾਂ ਲਈ ਇਕ ਹੋਰ ਪੁਲਿਸ ਦਲ ਰਵਾਨਾ ਕਰ ਦਿਤਾ ਗਿਆ ਹੈ ਅਤੇ ਜ਼ਖਮੀ ਪੁਲਿਸ ਕਰਮਚਾਰੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੇਤਰ ਵਿਚ ਨਕਸਲੀਆਂ ਵਿਰੁਧ ਮੁਹਿੰਮ ਜਾਰੀ ਹੈ। ਖੇਤਰ ਵਿਚ ਨਕਸਲੀਆਂ ਨੇ ਚੋਣਾਂ ਦਾ ਵਿਰੋਧ ਕੀਤਾ ਹੈ ਅਤੇ 15 ਦਿਨਾਂ ਵਿਚ 3 ਵੱਡੀਆਂ ਘਟਨਾਵਾਂ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਛੱਤੀਸਗੜ ਵਿਖੇ ਵਿਧਾਨਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਸ਼ਨੀਵਾਰ ਸ਼ਾਮ ਨੂੰ ਚੋਣ ਪ੍ਰਚਾਰ ਖਤਮ ਹੋ ਗਿਆ।