
ਕੇਂਦਰ ਸਰਕਾਰ ਨੇ ਪਿਛਲੇ ਹਫ਼ਤੇ ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਦੀ ਐਸਪੀਜੀ ਸੁਰੱਖਿਆ ਵਾਪਸ ਲੈ ਲਈ ਸੀ।
ਨਵੀਂ ਦਿੱਲੀ : ਕੇਂਦਰੀ ਰਿਜ਼ਰਵ ਪੁਲਿਸ ਬਲ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ ਤੇ ਬੇਟੀ ਪ੍ਰਿਯੰਕਾ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੋਮਵਾਰ ਨੂੰ ਸੰਭਾਲ ਲਈ। ਕੇਂਦਰ ਸਰਕਾਰ ਨੇ ਪਿਛਲੇ ਹਫ਼ਤੇ ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਦੀ ਐਸਪੀਜੀ ਸੁਰੱਖਿਆ ਵਾਪਸ ਲੈ ਲਈ ਸੀ।
Sonia Gandhi - Rahul Gandhi
ਅਧਿਕਾਰੀਆਂ ਨੇ ਦਸਿਆ ਕਿ ਸੋਨੀਆ ਗਾਂਧੀ ਦੇ 10, ਜਨਪਥ ਵਾਲੇ ਘਰ 'ਤੇ ਇਜ਼ਰਾਇਲੀ ਐਕਸ 95 ਏ ਕੇ ਸੀਰੀਜ਼ ਅਤੇ ਐਮਪੀ 5 ਬੰਦੂਕਾਂ ਨਾਲ ਸੀਆਰਪੀਐਫ਼ ਦੇ ਕਮਾਂਡੋਆਂ ਦੀ ਟੁਕੜੀ ਨੇ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਲਈ। ਇਸੇ ਤਰ੍ਹਾਂ ਰਾਹੁਲ ਗਾਂਧੀ ਦੇ ਤੁਗਲਕ ਲੇਨ ਵਿਖੇ ਪੈਂਦੇ ਘਰ ਅਤੇ ਪ੍ਰਿਯੰਕਾ ਦੇ ਲੋਧੀ ਅਸਟੇਟ ਵਾਲੇ ਘਰ 'ਤੇ ਸੀਆਰਪੀਐਫ਼ ਤੈਨਾਤ ਹੋ ਗਈ ਹੈ। ਗ੍ਰਹਿ ਮੰਤਰਾਲੇ ਨੇ ਵਿਸ਼ੇਸ਼ ਵੀਵੀਆਈਪੀ ਸੁਰੱਖਿਆ ਇਕਾਈ ਨੂੰ ਗਾਂਧੀ ਪਰਵਾਰ ਨੂੰ ਜ਼ੈਡ ਪਲੱਸ ਸੁਰੱਖਿਆ ਉਪਲਭਧ ਕਰਾਉਣ ਲਈ ਕਿਹਾ ਹੈ। ਅਧਿਕਾਰੀਆਂ ਨੇ ਦਸਿਆ ਕਿ ਕਮਾਂਡੋਆਂ ਕੋਲ ਇਨ੍ਹਾਂ ਆਗੂਆਂ ਦੀਆਂ ਦੌਰੇ ਵਾਲੀਆਂ ਥਾਵਾਂ ਅਤੇ ਇਲਾਕੇ ਦੀ ਪਹਿਲਾਂ ਹੀ ਜਾਂਚ ਕਰਨ ਦਾ ਅਧਿਕਾਰ ਹੋਵੇਗਾ।
Sonia Gandhi
ਗਾਂਧੀ ਪਰਵਾਰ ਨੂੰ 1991 ਵਿਚ ਵੀਵੀਆਈਪੀ ਸੁਰੱਖਿਆ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ। ਸੀਆਰਪੀਐਫ਼ ਕੋਲ ਲਗਭਗ 52 ਹੋਰ ਵੀਵੀਆਈਪੀਜ਼ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਵਿਚ ਕੇਂਦਰੀ ਮੰਤਰੀ ਅਮਿਤ ਸ਼ਾਹ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਸ਼ਾਮਲ ਹਨ। ਐਸਪੀਜੀ ਸੁਰੱਖਿਆ ਹੁਣ ਸਿਰਫ਼ ਪ੍ਰਧਾਨ ਮੰਤਰੀ ਕੋਲ ਹੈ।