ਕਿਹਾ : ਜੇਕਰ ਉਹ ਕਿਸੇ ਹੋਰ ਮਾਮਲੇ ’ਚ ਲੋੜੀਂਦਾ ਨਹੀਂ ਤਾਂ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ
ਨਵੀਂ ਦਿੱਲੀ : ਨਵੀਂ ਦਿੱਲੀ : ਸੁਪਰੀਮ ਕੋਰਟ ਨੇ 2006 ਦੇ ਨਿਠਾਰੀ ਸੀਰੀਅਲ ਕਿਲਿੰਗ ਕੇਸ ’ਚ ਦੋਸ਼ੀ ਸੁਰਿੰਦਰ ਕੋਲੀ ਨੂੰ ਬਰੀ ਕਰ ਦਿੱਤਾ ਹੈ ਅਤੇ ਉਸਦੀ ਸਜ਼ਾ ਰੱਦ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਜੇਕਰ ਉਹ ਕਿਸੇ ਹੋਰ ਕੇਸ ਵਿਚ ਲੋੜੀਂਦਾ ਨਹੀਂ ਹੈ ਤਾਂ ਉਸ ਨੂੰ ਤੁਰੰਤ ਰਿਹਾਅ ਕਰ ਦਿੱਤਾ ਜਾਵੇ। ਕੋਲੀ ਨਿਠਾਰੀ ਹੱਤਿਆ ਕਾਂਡ ਦੇ ਹੋਰ ਮਾਮਲਿਆਂ ’ਚ ਪਹਿਲਾਂ ਹੀ ਬਰੀ ਹੋ ਚੁੱਕਿਆ ਹੈ।
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੁਰਿੰਦਰ ਕੋਲੀ ਨੂੰ ਨਿਠਾਰੀ ਕਤਲ ਮਾਮਲੇ ਦੇ ਇਕ ਕੇਸ ’ਚੋਂ ਬਰੀ ਕਰ ਦਿੱਤਾ। ਕੋਰਟ ਨੇ ਉਸਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਕਿਊਰੇਟਿਵ ਪਟੀਸ਼ਨ ਮਨਜ਼ੂਰ ਕਰ ਲਈ ਹੈ, ਜਿਸ ਨਾਲ ਉਸ ਦੀ ਰਿਹਾਈ ਦਾ ਰਸਤਾ ਸਾਫ਼ ਹੋ ਗਿਆ। ਨਿਠਾਰੀ ਹੱਤਿਆ ਕਾਂਡ ਦਾ ਖੁਲਾਸਾ 29 ਦਿਸੰਬਰ 2006 ਨੂੰ ਨੋਇਡਾ ਦੇ ਨਿਠਾਰੀ ’ਚ ਬਿਜਨਸਮੈਨ ਮੋਹਿੰਦਰ ਸਿੰਘ ਪੰਧੇਰ ਦੇ ਘਰ ਦੇ ਪਿੱਛੇ ਇਕ ਨਾਲੇ ਵਿਚੋਂ 8 ਬੱਚਿਆਂ ਦੇ ਕੰਕਾਲ ਮਿਲਣ ਤੋਂ ਬਾਅਦ ਹੋਇਆ ਸੀ। ਉਸ ਸਮੇਂ ਕੋਲੀ ਪੰਧੇਰ ਦੇ ਘਰ ’ਚ ਘਰੇਲੂ ਨੌਕਰ ਸੀ।
ਚੀਫ਼ ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਸੂਰਿਆਕਾਂਤ ਅਤੇ ਵਿਕਰਮ ਨਾਥ ਦੀ ਬੈਂਚ ਨੇ ਇਹ ਹੁਕਮ ਦਿੱਤਾ। ਜਿਸ ਨੇ ਓਪਨ ਕੋਰਟ ’ਚ ਕੋਲੀ ਦੀ ਪਟੀਸ਼ਨ ਸੁਣੀ। ਜਸਟਿਸ ਨਾਥ ਨੇ ਹੁਕਮ ਸੁਣਾਉਂਦੇ ਹੋਏ ਕਿਹਾ ਕਿ ਦੱਸੇ ਗਏ ਕਾਰਨਾਂ ਕਰਕੇ ਕਿਊਰੇਟਿਵ ਪਟੀਸ਼ਨ ਮਨਜ਼ੂਰ ਕੀਤੀ ਜਾਂਦੀ ਹੈ।
ਸੁਪਰੀਮ ਕੋਰਟ ਨੇ ਕੋਲੀ ਨੂੰ ਇਸ ਮਾਮਲੇ ’ਚ ਬਰੀ ਕਰ ਦਿੱਤਾ ਹੈ ਅਤੇ ਉਸ ’ਤੇ ਪਹਿਲਾਂ ਲਗਾਈ ਗਈ ਸਜ਼ਾ ਅਤੇ ਜੁਰਮਾਨਾ ਰੱਦ ਕਰ ਦਿੱਤਾ। ਬੈਂਚ ਨੇ ਕਿਹਾ ਕਿ ਜੇਕਰ ਕਿਸੇ ਹੋਰ ਮਾਮਲੇ ਜਾਂ ਕਾਰਵਾਈ ’ਚ ਜ਼ਰੂਰਤ ਨਾ ਹੋ ਤਾਂ ਪਟੀਸ਼ਨਕਰਤਾ ਨੂੰ ਤੁਰੰਤ ਰਿਹਾਅ ਕਰ ਦੇਣਾ ਚਾਹੀਦਾ ਹੈ।
ਕੋਲੀ ਨੂੰ ਨੋਇਡਾ ਦੇ ਨਿਠਾਰੀ ਪਿੰਡ ’ਚ ਇਕ 15 ਸਾਲ ਦੀ ਲੜਕੀ ਨਾਲ ਰੇਪ ਅਤੇ ਕਤਲ ਦੇ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਫਰਵਰੀ 2011 ’ਚ ਸੁਪਰੀਮ ਕੋਰਟ ਨੇ ਉਸ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਇਸ ਤੋਂ ਪਹਿਲਾਂ ਅਕਤੂਬਰ 2023 ’ਚ ਇਲਾਹਾਬਾਦ ਹਾਈ ਕੋਰਟ ਨੇ ਕੋਲੀ ਅਤੇ ਸਹਿ-ਆਰੋਪੀ ਪੰਧੇਰ ਨੂੰ ਕੋਈ ਹੋਰਨਾਂ ਨੂੰ ਨਿਠਾਰੀ ਮਾਮਲੇ ’ਚ ਬਰੀ ਕਰ ਦਿੱਤਾ ਸੀ।
