
ਇਹ ਗੁਜਰਾਤ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਲਗਾਤਾਰ 7ਵੀਂ ਜਿੱਤ ਹੈ
ਅਹਿਮਦਾਬਾਦ - ਭਾਜਪਾ ਦੇ ਨੇਤਾ ਭੁਪਿੰਦਰ ਪਟੇਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਭਲਕੇ ਗਾਂਧੀਨਗਰ 'ਚ ਗੁਜਰਾਤ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਭਾਜਪਾ ਨੇਤਾਵਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ’ਚ ਪਟੇਲ ਦਾ ਇਹ ਲਗਾਤਾਰ ਦੂਜਾ ਕਾਰਜਕਾਲ ਹੋਵੇਗਾ। ਰਾਜਪਾਲ ਆਚਾਰੀਆ ਦੇਵਵਰਤ ਦੁਪਹਿਰ 2 ਵਜੇ ਦੇ ਕਰੀਬ ਗਾਂਧੀਨਗਰ ’ਚ ਨਵੇਂ ਸਕੱਤਰੇਤ ਨੇੜੇ ਹੈਲੀਪੈਡ ਗਰਾਊਂਡ ’ਚ ਆਯੋਜਿਤ ਹੋਣ ਵਾਲੇ ਸਮਾਰੋਹ ’ਚ ਪਟੇਲ ਨੂੰ ਸੂਬੇ ਦੇ 18ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਵਾਉਣਗੇ।
ਭਾਜਪਾ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਸਹੁੰ ਚੁੱਕ ਸਮਾਰੋਹ ਵਿਚ ਸ਼ਾਮਲ ਹੋਣਗੇ। ਪਟੇਲ ਨਾਲ ਕੁੱਝ ਨਵੇਂ ਮੰਤਰੀਆਂ ਦੇ ਵੀ ਸਹੁੰ ਚੁੱਕਣ ਦੀ ਸੰਭਾਵਨਾ ਹੈ। ਹਾਲ ਹੀ ਵਿਚ ਸੰਪੰਨ ਹੋਈਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 182 ਸੀਟਾਂ ’ਚੋਂ ਰਿਕਾਰਡ 156 ਸੀਟਾਂ ਜਿੱਤੀਆਂ ਹਨ। ਇਹ ਗੁਜਰਾਤ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਲਗਾਤਾਰ 7ਵੀਂ ਜਿੱਤ ਹੈ। ਇਨ੍ਹਾਂ ਚੋਣਾਂ ’ਚ ਕਾਂਗਰਸ ਨੂੰ 17 ਅਤੇ ‘ਆਪ’ ਨੂੰ 5 ਸੀਟਾਂ ’ਤੇ ਜਿੱਤ ਮਿਲੀ ਹੈ।