
ਸੰਜੇ ਸਿੰਘ, ਸਵਾਤੀ ਮਾਲੀਵਾਲ ਅਤੇ ਐਨਡੀ ਗੁਪਤਾ ਬਿਨਾਂ ਮੁਕਾਬਲਾ ਚੋਣ ਜਿੱਤ ਗਏ
AAP: ਨਵੀਂ ਦਿੱਲੀ - ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਤਿੰਨ ਉਮੀਦਵਾਰ ਬਿਨਾਂ ਮੁਕਾਬਲੇ ਰਾਜ ਸਭਾ ਚੋਣ ਜਿੱਤ ਗਏ ਹਨ। ਇਨ੍ਹਾਂ ਤਿੰਨਾਂ ਵਿਰੁੱਧ ਕਿਸੇ ਹੋਰ ਪਾਰਟੀ ਵੱਲੋਂ ਉਮੀਦਵਾਰ ਨਹੀਂ ਖੜ੍ਹਾ ਕੀਤਾ ਗਿਆ। ਸ਼ੁੱਕਰਵਾਰ ਨੂੰ ਤਿੰਨਾਂ ਨੇਤਾਵਾਂ ਨੇ ਰਿਟਰਨਿੰਗ ਅਫ਼ਸਰ ਆਸ਼ੀਸ਼ ਕੁੰਦਰਾ ਤੋਂ ਆਪਣੇ ਜਿੱਤ ਦੇ ਸਰਟੀਫਿਕੇਟ ਪ੍ਰਾਪਤ ਕੀਤੇ।
ਸੰਜੇ ਸਿੰਘ, ਸਵਾਤੀ ਮਾਲੀਵਾਲ ਅਤੇ ਐਨਡੀ ਗੁਪਤਾ ਬਿਨਾਂ ਮੁਕਾਬਲਾ ਚੋਣ ਜਿੱਤ ਗਏ। ਸ਼ੁੱਕਰਵਾਰ ਨੂੰ, ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਵਿਚ 'ਆਪ' ਦੇ ਤਿੰਨੋਂ ਉਮੀਦਵਾਰਾਂ ਦਾ ਰਾਜ ਸਭਾ ਵਿਚ ਜਾਣਾ ਤੈਅ ਹੈ ਕਿਉਂਕਿ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੇ ਨਾਮਜ਼ਦਗੀ ਦਾਖਲ ਨਹੀਂ ਕੀਤੀ ਸੀ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰਾਂ ਐਨਡੀ ਗੁਪਤਾ ਅਤੇ ਸੰਜੇ ਸਿੰਘ ਦਾ ਕਾਰਜਕਾਲ 27 ਜਨਵਰੀ ਨੂੰ ਖ਼ਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ 08 ਜਨਵਰੀ ਨੂੰ ਸੰਜੇ ਸਿੰਘ, ਐਨਡੀ ਗੁਪਤਾ ਅਤੇ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ।
ਇਸ ਵਾਰ 'ਆਪ' ਨੇ ਸੁਸ਼ੀਲ ਕੁਮਾਰ ਦੀ ਥਾਂ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਐਲਾਨਿਆ ਸੀ। ਇਸ ਤੋਂ ਇਲਾਵਾ ਸੰਜੇ ਸਿੰਘ ਅਤੇ ਐਨਡੀ ਗੁਪਤਾ ਨੂੰ ਮੁੜ ਰਾਜ ਸਭਾ ਚੋਣਾਂ ਲਈ ਉਮੀਦਵਾਰ ਬਣਾਇਆ ਗਿਆ। ਦੱਸ ਦਈਏ ਕਿ ਸਵਾਤੀ ਮਾਲੀਵਾਲ ਪਹਿਲੀ ਵਾਰ ਰਾਜ ਸਭਾ ਵਿਚ ਜਾ ਰਹੀ ਹੈ, ਜਦੋਂ ਕਿ ਸੰਜੇ ਸਿੰਘ ਅਤੇ ਐਨਡੀ ਗੁਪਤਾ ਦੂਜੀ ਵਾਰ ਰਾਜ ਸਭਾ ਵਿੱਚ ਜਾਣਗੇ।
ਅਰਵਿੰਦ ਕੇਜਰੀਵਾਲ ਨੇ ਦਿੱਤੀ ਵਧਾਈ
ਰਾਜ ਸਭਾ ਲਈ ਚੁਣੇ ਗਏ ਆਮ ਆਦਮੀ ਪਾਰਟੀ ਦੇ ਤਿੰਨ ਨੇਤਾਵਾਂ ਨੂੰ ਬਹੁਤ-ਬਹੁਤ ਵਧਾਈ ਅਤੇ ਸ਼ੁੱਭਕਾਮਨਾਵਾਂ। ਮੈਨੂੰ ਭਰੋਸਾ ਹੈ ਕਿ ਤਿੰਨੋਂ ਸੰਸਦ ਵਿਚ ਆਮ ਆਦਮੀ ਦੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਠਾਣਗੇ ਅਤੇ ਦਿੱਲੀ ਦੇ ਲੋਕਾਂ ਦੇ ਹੱਕਾਂ ਲਈ ਲੜਨਗੇ। - ਅਰਵਿੰਦਰ ਕੇਜਰੀਵਾਲ