
ਐਤਵਾਰ ਨੂੰ ਹੋਈ ਬੈਠਕ ਦੌਰਾਨ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ
ਇੰਫਾਲ : ਮਨੀਪੁਰ ਦੇ ਕਾਮਜੋਂਗ ਜ਼ਿਲ੍ਹੇ ’ਚ ਗੁੱਸੇ ’ਚ ਆਈ ਭੀੜ ਵਲੋਂ ਅਸਾਮ ਰਾਈਫਲਜ਼ ਦੇ ਅਸਥਾਈ ਕੈਂਪ ’ਚ ਭੰਨਤੋੜ ਕੀਤੇ ਜਾਣ ਦੇ ਇਕ ਦਿਨ ਬਾਅਦ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਨੇ ਐਤਵਾਰ ਨੂੰ ਕੈਂਪ ਖਾਲੀ ਕਰ ਦਿਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਸਨਿਚਰਵਾਰ ਨੂੰ ਭੀੜ ਨੇ ਹਾਂਗਬੇਈ ਪਿੰਡ ’ਚ ਕੈਂਪ ’ਤੇ ਹਮਲਾ ਕਰ ਦਿਤਾ ਅਤੇ ਲੱਕੜ ਦੀ ਢੋਆ-ਢੁਆਈ ’ਤੇ ਪਾਬੰਦੀ ਨੂੰ ਲੈ ਕੇ ਕੈਂਪ ਨੂੰ ਤਬਾਹ ਕਰ ਦਿਤਾ।
ਇਕ ਅਧਿਕਾਰੀ ਨੇ ਦਸਿਆ ਕਿ ਐਤਵਾਰ ਨੂੰ ਹੋਈ ਬੈਠਕ ਦੌਰਾਨ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ। ਮੀਟਿੰਗ ’ਚ ਤੰਗਖੁਲ ਨਾਗਾ ਸਿਟੀਜ਼ਨ ਗਰੁੱਪ ਅਤੇ ਅਸਾਮ ਰਾਈਫਲਜ਼ ਦੇ ਨੁਮਾਇੰਦਿਆਂ ਤੋਂ ਇਲਾਵਾ ਕਾਮਜੋਂਗ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਅਤੇ ਡਿਪਟੀ ਕਮਿਸ਼ਨਰ ਨੇ ਹਿੱਸਾ ਲਿਆ। ਅਧਿਕਾਰੀ ਨੇ ਕਿਹਾ, ‘‘ਸਥਿਤੀ ਸ਼ਾਂਤੀਪੂਰਨ ਹੈ ਅਤੇ ਐਤਵਾਰ ਨੂੰ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ।’’
ਅਸਾਮ ਰਾਈਫਲਜ਼ ਨੇ ਹਾਂਗਬੇਈ ਵਿਚ ਇਕ ਚੌਕੀ ਸਥਾਪਤ ਕੀਤੀ ਸੀ ਅਤੇ ਇਕ ਅਸਥਾਈ ਕੈਂਪ ਬਣਾਇਆ ਸੀ, ਜਿਸ ਤੋਂ ਬਾਅਦ ਗੁਆਂਢੀ ਪਿੰਡਾਂ ਦੇ ਵਸਨੀਕਾਂ ਨੇ ਅਰਧ ਸੈਨਿਕ ਬਲ ’ਤੇ ਉਨ੍ਹਾਂ ਦੀ ਆਵਾਜਾਈ ਨੂੰ ਪਰੇਸ਼ਾਨ ਕਰਨ ਅਤੇ ਸੀਮਤ ਕਰਨ ਦਾ ਦੋਸ਼ ਲਾਇਆ ਸੀ। ਨਾਗਾ ਬਹੁਗਿਣਤੀ ਜ਼ਿਲ੍ਹੇ ਦੇ ਕਾਸੋਮ ਖੁਲੇਨ ਬਲਾਕ ਦੇ ਪਿੰਡ ਵਾਸੀਆਂ ਨੇ ਸਨਿਚਰਵਾਰ ਨੂੰ ਅਸਾਮ ਰਾਈਫਲਜ਼ ਦੇ ਇਕ ਅਸਥਾਈ ਕੈਂਪ ’ਤੇ ਹਮਲਾ ਕੀਤਾ ਅਤੇ ਉਸ ਨੂੰ ਢਾਹ ਦਿਤਾ।
ਜਦਕਿ ਅਸਾਮ ਰਾਈਫਲਜ਼ ਨੇ ਕਿਹਾ ਕਿ 11 ਜਨਵਰੀ ਨੂੰ ਹਾਂਗਬੇਈ ’ਚ ਇਕ ਚੌਕੀ ’ਤੇ ਤਾਇਨਾਤ ਅਸਾਮ ਰਾਈਫਲਜ਼ ਦੇ ਜਵਾਨਾਂ ਨੇ ਇਕ ਗੱਡੀ ਦੀ ਜਾਂਚ ਕੀਤੀ ਅਤੇ ਪਾਇਆ ਕਿ ਲੱਕੜ ਨਾਲ ਭਰੇ ਵਾਹਨ ’ਚ ਲਾਜ਼ਮੀ ਦਸਤਾਵੇਜ਼ ਨਹੀਂ ਸਨ। ਪ੍ਰਕਿਰਿਆ ਦੀ ਪਾਲਣਾ ਕਰਦਿਆਂ ਅਸਾਮ ਰਾਈਫਲਜ਼ ਦੇ ਜਵਾਨਾਂ ਨੇ ਗੱਡੀ ਨੂੰ ਰੋਕਿਆ।
ਨੀਮ ਫ਼ੌਜੀ ਬਲ ਨੇ ਦੋਸ਼ ਲਾਇਆ ਕਿ ਸ਼ਰਾਰਤੀ ਅਨਸਰਾਂ ਨੇ ਸਥਾਨਕ ਲੋਕਾਂ ਨੂੰ ਆਸਾਮ ਰਾਈਫਲਜ਼ ਦੇ ਜਵਾਨਾਂ ’ਤੇ ਗੱਡੀਆਂ ਛੱਡਣ ਲਈ ਦਬਾਅ ਪਾਉਣ ਲਈ ਉਕਸਾਇਆ। ਅਸਾਮ ਰਾਈਫਲਜ਼ ਨੇ ਦਾਅਵਾ ਕੀਤਾ ਕਿ ਭੀੜ ਹਿੰਸਕ ਹੋ ਗਈ, ਜਿਸ ਤੋਂ ਬਾਅਦ ਜਵਾਨਾਂ ਨੇ ਉਚਿਤ ਅਤੇ ਜ਼ਰੂਰੀ ਕਾਰਵਾਈ ਕੀਤੀ।
ਅਸਾਮ ਰਾਈਫਲਜ਼ ਦੇ ਜਵਾਨਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਹਵਾ ਵਿਚ ਗੋਲੀਆਂ ਚਲਾਈਆਂ। ਇਸ ਹਾਦਸੇ ’ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਅਸਾਮ ਰਾਈਫਲਜ਼ ਮਨੀਪੁਰ ਦੇ ਵੱਖ-ਵੱਖ ਖੇਤਰਾਂ ’ਚ ਤਾਇਨਾਤ ਕੇਂਦਰੀ ਬਲਾਂ ’ਚੋਂ ਇਕ ਹੈ। ਮਈ 2023 ਤੋਂ ਲੈ ਕੇ ਹੁਣ ਤਕ ਸੂਬੇ ਵਿਚ ਕੁਕੀ ਅਤੇ ਮੇਈਤੇਈ ਭਾਈਚਾਰਿਆਂ ਵਿਚਾਲੇ ਨਸਲੀ ਹਿੰਸਾ ਵਿਚ 250 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਸਨ।