10 ਤੋਂ 15 ਦੁਕਾਨਾਂ ਅਤੇ ਘਰਾਂ ਨੂੰ ਹੋਇਆ ਨੁਕਸਾਨ
ਸ਼ਿਮਲਾ (ਹਿਮਾਚਲ ਪ੍ਰਦੇਸ਼): ਸੋਲਨ ਜ਼ਿਲ੍ਹੇ ਦੀ ਆਰਕੀ ਮਾਰਕੀਟ ਦੇ ਪੁਰਾਣੇ ਬੱਸ ਸਟੈਂਡ ਇਲਾਕੇ ’ਚ ਭਿਆਨਕ ਅੱਗ ਲੱਗਣ ’ਚ ਅੱਠ ਸਾਲ ਦੇ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਐਤਵਾਰ ਦੇਰ ਰਾਤ ਸ਼ੁਰੂ ਹੋਈ ਅੱਗ ਨੇ ਕਈ ਦੁਕਾਨਾਂ ਅਤੇ ਇਮਾਰਤਾਂ ਨੂੰ ਤਬਾਹ ਕਰ ਦਿਤਾ। ਅਧਿਕਾਰੀਆਂ ਨੂੰ ਡਰ ਹੈ ਕਿ ਕੁੱਝ ਵਿਅਕਤੀ ਅਜੇ ਵੀ ਮਲਬੇ ਵਿਚ ਫਸੇ ਹੋ ਸਕਦੇ ਹਨ।
ਪੁਲਿਸ ਸੁਪਰਡੈਂਟ ਗੌਰਵ ਸਿੰਘ ਨੇ ਦਸਿਆ ਕਿ ਹੁਣ ਤਕ ਮੌਕੇ ਤੋਂ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮ੍ਰਿਤਕ ਬੱਚੇ ਦੀ ਪਛਾਣ ਪ੍ਰਿਯਾਂਸ਼ ਵਜੋਂ ਹੋਈ ਹੈ, ਜੋ ਬਿਹਾਰ ਦਾ ਰਹਿਣ ਵਾਲਾ ਹੈ। ਸੋਲਨ ਦੇ ਡਿਪਟੀ ਕਮਿਸ਼ਨਰ ਮਨਮੋਹਨ ਸ਼ਰਮਾ ਨੇ ਦਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਗ ਲੱਕੜ ਦੀ ਇਮਾਰਤ ਤੋਂ ਸ਼ੁਰੂ ਹੋਈ ਅਤੇ ਤੇਜ਼ੀ ਨਾਲ ਨੇੜਲੇ ਢਾਂਚਿਆਂ ਵਿਚ ਫੈਲ ਗਈ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਘਟਨਾ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਡਿਪਟੀ ਕਮਿਸ਼ਨਰ ਨੂੰ ਤੁਰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰਨ ਦੇ ਹੁਕਮ ਦਿਤੇ ਹਨ।
ਮੌਕੇ ਉਤੇ ਮੌਜੂਦ ਅਰਕੀ ਦੇ ਵਿਧਾਇਕ ਸੰਜੇ ਅਵਸਥੀ ਨੇ ਦਸਿਆ ਕਿ 10 ਤੋਂ 15 ਦੁਕਾਨਾਂ ਅਤੇ ਘਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਦਸਿਆ ਕਿ ਨੇਪਾਲ ਦੇ ਕੁੱਝ ਸਥਾਨਕ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਅਵਸਥੀ ਨੇ ਦਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅੱਗ ਉਤੇ ਕਾਬੂ ਪਾਉਣ ਲਈ ਸ਼ਿਮਲਾ ਦੇ ਅਰਕੀ, ਸੋਲਨ, ਨਾਲਾਗੜ੍ਹ ਅਤੇ ਬੋਇਲੌਗੰਜ ਤੋਂ ਫਾਇਰ ਗੱਡੀਆਂ ਦੇ ਨਾਲ-ਨਾਲ ਅੰਬੂਜਾ ਪਲਾਂਟ ਦੀ ਸਹਾਇਤਾ ਵੀ ਤਾਇਨਾਤ ਕੀਤੀ ਗਈ ਸੀ, ਜਿਸ ਨੂੰ ਕਾਬੂ ਵਿਚ ਲਿਆਂਦਾ ਗਿਆ ਸੀ।
