
ਹੋਟਲ ਸਟਾਫ ਨੇ ਇਸ ਨੂੰ 17 ਦਿਨਾਂ 'ਚ ਮਨਫੀ 12 ਡਿਗਰੀ ਸੈਲਸੀਅਸ ਤਾਪਮਾਨ 'ਚ ਬਣਾ ਕੇ ਕੀਤਾ ਹੈ ਤਿਆਰ
ਜੰਮੂ-ਕਸ਼ਮੀਰ : ਇਥੋਂ ਦੇ ਮਸ਼ਹੂਰ ਸੈਲਾਨੀ ਸਥਾਨ ਗੁਲਮਰਗ 'ਚ ਲੋਕ ਇਨ੍ਹੀਂ ਦਿਨੀਂ ਬਰਫ਼ਬਾਰੀ ਦਾ ਆਨੰਦ ਲੈ ਰਹੇ ਹਨ। ਕੁਝ ਦਿਨ ਪਹਿਲਾਂ ਇੱਥੇ ਦੁਨੀਆ ਦਾ ਸਭ ਤੋਂ ਵੱਡਾ ਇਗਲੂ ਕੈਫੇ ਖੋਲ੍ਹਿਆ ਗਿਆ ਸੀ, ਜਿਸ ਨੇ ਲੋਕਾਂ ਦਾ ਧਿਆਨ ਖਿੱਚਿਆ ਸੀ। ਹੁਣ ਇੱਥੇ ਬਣੇ ਤਾਜ ਮਹਿਲ ਨੂੰ ਦੇਖਣ ਲਈ ਸੈਲਾਨੀ ਆ ਰਹੇ ਹਨ।
ਖਾਸ ਗੱਲ ਇਹ ਹੈ ਕਿ ਇਹ ਤਾਜ ਮਹਿਲ ਆਗਰਾ ਦੇ ਤਾਜ ਮਹਿਲ ਤੋਂ ਬਿਲਕੁਲ ਵੱਖਰਾ ਹੈ। ਇਹ ਸੰਗਮਰਮਰ ਦਾ ਨਹੀਂ, ਸਗੋਂ ਬਰਫ਼ ਦਾ ਬਣਿਆ ਹੋਇਆ ਹੈ। ਇਹ ਗੁਲਮਰਗ ਦੇ ਮਸ਼ਹੂਰ ਸਕੀ-ਰਿਜ਼ੋਰਟ ਦੇ ਸਾਹਮਣੇ ਬਣਾਇਆ ਗਿਆ ਹੈ। ਹੋਟਲ ਸਟਾਫ ਨੇ ਇਸ ਨੂੰ 17 ਦਿਨਾਂ 'ਚ ਮਨਫੀ 12 ਡਿਗਰੀ ਸੈਲਸੀਅਸ ਤਾਪਮਾਨ 'ਚ ਬਣਾ ਕੇ ਤਿਆਰ ਕੀਤਾ ਹੈ।
taj mahal
ਹੋਟਲ ਦੇ ਜਨਰਲ ਮੈਨੇਜਰ ਸਤਿਆਜੀਤ ਗੋਪਾਲ ਨੇ ਦੱਸਿਆ ਕਿ ਬਰਫ਼ ਨਾਲ ਬਣਿਆ ਤਾਜ ਮਹਿਲ 24 ਫੁੱਟ ਚੌੜਾ ਅਤੇ 16 ਫੁੱਟ ਉੱਚਾ ਹੈ। ਇਸ ਨੂੰ ਬਣਾਉਣ ਵਿੱਚ ਕੋਈ ਖਰਚਾ ਨਹੀਂ ਕੀਤਾ ਗਿਆ ਹੈ। ਇਸ ਨੂੰ ਬਣਾਉਣ ਪਿੱਛੇ ਮਕਸਦ ਇਹ ਸੀ ਕਿ ਲੋਕ ਇਸ ਖੂਬਸੂਰਤ ਜਗ੍ਹਾ ਨੂੰ ਹਮੇਸ਼ਾ ਯਾਦ ਰੱਖਣ। ਉਨ੍ਹਾਂ ਦੱਸਿਆ ਕਿ ਇੱਥੇ ਵੱਡੀ ਗਿਣਤੀ ਵਿੱਚ ਸੈਲਾਨੀ ਪਹੁੰਚ ਰਹੇ ਹਨ।
ਇਕ ਮਹਿਲਾ ਸੈਲਾਨੀ ਨੇ ਕਿਹਾ ਕਿ ਇਹ ਇਕ ਸੁਰੱਖਿਅਤ ਜਗ੍ਹਾ ਹੈ। ਲੋਕਾਂ ਨੂੰ ਇੱਥੇ ਆ ਕੇ ਕਸ਼ਮੀਰ ਦੀ ਖੂਬਸੂਰਤੀ ਦਾ ਆਨੰਦ ਲੈਣਾ ਚਾਹੀਦਾ ਹੈ। ਅਸੀਂ ਬਰਫ਼ ਦੇ ਬਣੇ ਤਾਜ ਮਹਿਲ ਦੇ ਸਾਹਮਣੇ ਤਸਵੀਰਾਂ ਵੀ ਲਈਆਂ ਹਨ। ਨਵੀਂ ਦਿੱਲੀ ਤੋਂ ਆਏ ਸੈਲਾਨੀ ਮਹੇਸ਼ ਗੁਪਤਾ ਨੇ ਕਿਹਾ ਕਿ ਮੈਂ ਪਹਿਲੀ ਵਾਰ ਕਸ਼ਮੀਰ ਆਇਆ ਹਾਂ। ਮੈਂ ਸਨੋ ਕੈਫੇ ਦਾ ਦੌਰਾ ਕੀਤਾ ਅਤੇ ਬਰਫ਼ ਦੇ ਬਣੇ ਤਾਜ ਮਹਿਲ ਦੇ ਸਾਹਮਣੇ ਤਸਵੀਰਾਂ ਖਿੱਚੀਆਂ।
taj mahal
ਜਦੋਂ ਵੀ ਕੋਈ ਕਸ਼ਮੀਰ ਸੈਰ ਲਈ ਆਉਂਦਾ ਹੈ ਤਾਂ ਉਹ ਗੁਲਮਰਗ ਜ਼ਰੂਰ ਜਾਂਦਾ ਹੈ। ਸਰਦੀਆਂ ਦੇ ਮੌਸਮ ਵਿੱਚ ਗੁਲਮਰਗ ਬਰਫ਼ ਨਾਲ ਢੱਕਿਆ ਰਹਿੰਦਾ ਹੈ। ਇੱਥੇ ਲੋਕ ਵੱਖ-ਵੱਖ ਖੇਡਾਂ ਖੇਡਦੇ ਹਨ। ਇਹ ਸਰਦੀਆਂ ਦੇ ਖੇਡ ਪ੍ਰੇਮੀਆਂ ਲਈ ਇੱਕ ਫਿਰਦੌਸ ਹੈ, ਖਾਸ ਤੌਰ 'ਤੇ ਸਕਾਈਅਰਜ਼, ਸਨੋ ਬਾਈਕਰਸ, ਸਲੇਜਰਸ ਅਤੇ ਹੋਰ ਬਾਹਰੀ ਖੇਡਾਂ।
ਦੱਸਣਯੋਗ ਹੈ ਕਿ ਇਗਲੂ ਕੈਫੇ ਪਿਛਲੇ ਹਫ਼ਤੇ ਗੁਲਮਰਗ ਵਿੱਚ ਇੱਕ ਹੋਟਲ ਮਾਲਕ ਦੁਆਰਾ ਖੋਲ੍ਹਿਆ ਗਿਆ ਸੀ। ਇਹ ਸੈਲਾਨੀਆਂ ਦਾ ਮੁੱਖ ਆਕਰਸ਼ਣ ਬਣ ਗਿਆ। ਇਸ ਦੀ ਉਚਾਈ ਲਗਭਗ 37.5 ਫੁੱਟ ਅਤੇ ਵਿਆਸ 44.5 ਫੁੱਟ ਹੈ। ਇਸ ਵਿੱਚ ਇੱਕ ਬਰਫ਼ ਦੀ ਮੇਜ਼-ਕੁਰਸੀ ਰੱਖੀ ਗਈ ਹੈ। ਇਸ ਇਗਲੂ ਕੈਫੇ ਨੂੰ ਦੁਨੀਆ ਦਾ ਸਭ ਤੋਂ ਵੱਡਾ ਕੈਫੇ ਮੰਨਿਆ ਜਾਂਦਾ ਹੈ।