
ਹਾਈ ਕੋਰਟ ਨੇ ਵੀ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿਤੀ ਸੀ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੀਨਾ ਬੋਰਾ ਕਤਲ ਕਾਂਡ ਦੀ ਮੁਲਜ਼ਮ ਇੰਦਰਾਣੀ ਮੁਖਰਜੀ ਦੀ ਵਿਦੇਸ਼ ਜਾਣ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ਸ਼ੁਕਰਵਾਰ ਨੂੰ ਖਾਰਜ ਕਰ ਦਿਤੀ। ਇੰਦਰਾਣੀ ਨੇ ਬੰਬਈ ਹਾਈ ਕੋਰਟ ਦੇ ਫੈਸਲੇ ਨੂੰ ਚੁਨੌਤੀ ਦਿੰਦੇ ਹੋਏ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਨੇ ਵੀ ਉਸ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿਤੀ ਸੀ।
ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਜਸਟਿਸ ਰਾਜੇਸ਼ ਬਿੰਦਲ ਦੇ ਬੈਂਚ ਨੇ ਹੇਠਲੀ ਅਦਾਲਤ ਨੂੰ ਇਕ ਸਾਲ ਦੇ ਅੰਦਰ ਮਾਮਲੇ ਦੀ ਕਾਰਵਾਈ ਪੂਰੀ ਕਰਨ ਦਾ ਹੁਕਮ ਦਿਤਾ।
ਬੈਂਚ ਨੇ ਕਿਹਾ, ‘‘ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਤੁਸੀਂ ਵਾਪਸ ਆਵੋਗੇ। ਮੁਕੱਦਮਾ ਅਗਲੇ ਪੜਾਅ ’ਤੇ ਪਹੁੰਚ ਗਿਆ ਹੈ। ਇਸ ਤੱਥ ਨੂੰ ਧਿਆਨ ’ਚ ਰਖਦੇ ਹੋਏ ਕਿ ਮੁਕੱਦਮਾ ਅਜੇ ਵੀ ਚੱਲ ਰਿਹਾ ਹੈ, ਅਸੀਂ ਇਸ ਪੜਾਅ ’ਤੇ ਬੇਨਤੀ ’ਤੇ ਵਿਚਾਰ ਕਰਨ ਦੇ ਇਛੁੱਕ ਨਹੀਂ ਹਾਂ। ਅਸੀਂ ਹੇਠਲੀ ਅਦਾਲਤ ਨੂੰ ਮੁਕੱਦਮੇ ਦੀ ਸੁਣਵਾਈ ਤੇਜ਼ ਕਰਨ ਅਤੇ ਇਕ ਸਾਲ ਦੇ ਅੰਦਰ ਇਸ ਨੂੰ ਪੂਰਾ ਕਰਨ ਦਾ ਹੁਕਮ ਦਿੰਦੇ ਹਾਂ।’’ ਬੈਂਚ ਨੇ ਮੁਖਰਜੀ ਨੂੰ ਹੇਠਲੀ ਅਦਾਲਤ ’ਚ ਜਾਣ ਦੀ ਆਜ਼ਾਦੀ ਦਿਤੀ।
ਇਹ ਕਤਲ ਕਾਂਡ 2015 ’ਚ ਸਾਹਮਣੇ ਆਇਆ ਸੀ। ਮੁਖਰਜੀ ਦੇ ਸਾਬਕਾ ਪਤੀ ਪੀਟਰ ਮੁਖਰਜੀ ਨੂੰ ਵੀ ਕਤਲ ਦੀ ਸਾਜ਼ਸ਼ ਦਾ ਹਿੱਸਾ ਹੋਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੀ ਜਾਂਚ ਸੀ.ਬੀ.ਆਈ. ਨੇ ਕੀਤੀ ਸੀ। ਸਾਰੇ ਮੁਲਜ਼ਮ ਫਿਲਹਾਲ ਜ਼ਮਾਨਤ ’ਤੇ ਬਾਹਰ ਹਨ।