
ਕਿਹਾ, ਅਕਾਲੀਆਂ ਨਾਲ ਰਲ ਕੇ ਚੋਣਾਂ ਲੜਣ ਵਕਤ ਗਰੇਵਾਲ ਨੂੰ ਗੁਰੂ ਦੀ ਗੋਲਕ ਦੀ ਲੁੱਟ ਕਿਉਂ ਨਹੀਂ ਵਿਖਾਈ ਦਿੱਤੀ
ਨਵੀਂ ਦਿੱਲੀ (ਸੁਰਖਾਬ ਚੰਨ): ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਤਿੰਨ ਮਹੀਨੇ ਤੋਂ ਵਧੇਰੇ ਸਮਾਂ ਬੀਤ ਚੁੱਕਾ ਹੈ। ਅੰਦੋਲਨ ਨੂੰ ਦੇਸ਼-ਵਿਦੇਸ਼ ਦੇ ਧਾਰਮਕ, ਸਿਆਸੀ ਅਤੇ ਸਮਾਜ ਸੇਵੀ ਜਥੇਬੰਦੀਆਂ ਦਾ ਸਮਰਥਨ ਹਾਸਲ ਹੈ। ਇਨ੍ਹਾਂ ਵਿਚ ਸਿੱਖਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸ਼ਾਮਲ ਹੈ, ਜਿਸ ਨੇ ਸੰਘਰਸ਼ੀ ਧਿਰਾਂ ਦੀ ਮੱਦਦ ਦਾ ਉਪਰਾਲਾ ਕੀਤਾ। ਜਿਵੇਂ ਬਾਕੀ ਸੰਸਥਾਵਾਂ ਨੂੰ ਸੱਤਾਧਾਰੀ ਧਿਰ ਦੇ ਉਲਾਭਿਆ ਦਾ ਸਾਹਮਣਾ ਕਰਨਾ ਪਿਆ ਹੈ, ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ 'ਤੇ ਵੀ ਉਂਗਲ ਉਠੀ ਹੈ। ਇਹ ਉਂਗਲ ਭਾਜਪਾ ਦੇ ਪੰਜਾਬ ਨਾਲ ਸਬੰਧਤ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਚੁੱਕੀ ਗਈ ਹੈ, ਜਿਨ੍ਹਾਂ ਨੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲ ਬਕਾਇਦਾ ਪੱਤਰ ਲਿਖ ਕੇ ਕਿਸਾਨੀ ਅੰਦੋਲਨ ਦੇ ਸਮਰਥਨ 'ਤੇ ਸਵਾਲ ਉਠਾਏ ਸਨ।
Baldev Singh Sirsa
ਇਸ ਤੋਂ ਬਾਅਦ ਹਰਜੀਤ ਗਰੇਵਾਲ ਸਿੱਖ ਆਗੂਆਂ ਦੇ ਨਿਸ਼ਾਨੇ 'ਤੇ ਆ ਗਏ ਹਨ। ਸਿੱਖ ਬੁੱਧੀਜੀਵੀ ਅਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਹਰਜੀਤ ਗਰੇਵਾਲ ਦੇ ਸਿੱਖ ਹੋਣ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦਿਆਂ ਕਿਹਾ ਕਿ ਹਰਜੀਤ ਗਰੇਵਾਲ ਸਿੱਖ ਪਰਿਵਾਰ ਅੰਦਰ ਜਨਮੇ ਜ਼ਰੂਰ ਹਨ, ਪਰ ਜ਼ਹਿਨੀ ਤੌਰ 'ਤੇ ਉਹ ਸਿੱਖੀ ਸਿਧਾਂਤਾਂ ਤੋਂ ਕੋਰੇ ਹਨ। ਹਰਜੀਤ ਗਰੇਵਾਲ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਬਦਲੇ ਸ਼੍ਰੋਮਣੀ ਕਮੇਟੀ 'ਤੇ ਸਵਾਲ ਚੁੱਕਣ ਬਾਰੇ ਉਨ੍ਹਾਂ ਕਿਹਾ ਕਿ ਹਰਜੀਤ ਗਰੇਵਾਲ ਉਸ ਵਕਤ ਕਿੱਥੇ ਸਨ, ਜਦੋਂ ਉਨ੍ਹਾਂ ਦੀ ਭਾਈਵਾਲ ਧਿਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਦੀ ਗੋਲਕ ਦੇ ਸ਼ਰੇਆਮ ਦੁਰਵਰਤੋਂ ਕੀਤੀ ਜਾਂਦੀ ਸੀ।
Baldev Singh Sirsa
ਉਨ੍ਹਾਂ ਕਿਹਾ ਕਿ ਗੁਰੂ ਦੀ ਗੋਲਕ ਤੇ ਗਰੀਬ ਦਾ ਮੂੰਹ ਦੇ ਸਿਧਾਂਤ ਮੁਤਾਬਕ ਇਸ ਦਾ ਅਸਲ ਹੱਕਦਾਰ ਲੋੜਵੰਦ ਅਤੇ ਗਰੀਬ ਹੀ ਹਨ, ਪਰ ਇਸ 'ਤੇ ਕਾਬਜ਼ ਧਿਰ ਵੱਲੋਂ ਅਕਾਲੀ-ਭਾਜਪਾ ਗਠਜੋੜ ਵੱਲੋਂ ਲੜੀਆਂ ਜਾਂਦੀਆਂ ਚੌਣਾਂ ਦੌਰਾਨ ਇਸ ਦੀ ਆਮਸ਼ਰੇ ਕੁਵਰਤੋਂ ਕੀਤੀ ਜਾਂਦੀ ਰਹੀ ਹੈ। ਉਸ ਵਕਤ ਗਰੇਵਾਲ ਨੇ ਇਸ ਖਿਲਾਫ ਆਵਾਜ਼ ਕਿਉਂ ਨਹੀਂ ਉਠਾਈ।
Baldev Singh Sirsa
ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਕੇਵਲ ਕਿਸਾਨਾਂ ਦੀ ਨਹੀਂ, ਇਹ ਦੇਸ਼ ਦੇ ਸਮੂਹ ਵਰਗਾਂ ਦੇ ਹੱਕਾਂ ਲਈ ਚੱਲ ਰਿਹਾ ਹੈ। ਜੇਕਰ ਲੋਕਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੀ ਮੱਦਦ ਕਰਨਾ ਸ਼੍ਰੋਮਣੀ ਕਮੇਟੀ ਲਈ ਸਹੀ ਨਹੀਂ ਹੈ ਤਾਂ ਉਸ ਵੇਲੇ ਸਿਆਸੀ ਹਿਤਾਂ ਲਈ ਗਰੇਵਾਲ ਵੱਲੋਂ ਆਪਣੇ ਭਾਈਵਾਲਾਂ ਨਾਲ ਮਿਲ ਕੇ ਸ਼੍ਰੋਮਣੀ ਕਮੇਟੀ ਗੋਲਕ ਦੀ ਕੀਤੀ ਗਈ ਦੁਰਵਰਤੋਂ ਕਿਵੇਂ ਸਹੀ ਹੋ ਸਕਦੀ ਹੈ?
Baldev Singh Sirsa
ਗਰੇਵਾਲ ਵੱਲੋਂ ਸ਼੍ਰੋਮਣੀ ਕਮੇਟੀ 'ਤੇ ਕਿਸਾਨੀ ਅੰਦੋਲਨ ਨੂੰ ਧਾਰਮਕ ਰੰਗਤ ਦੇਣ ਦੇ ਇਲਜ਼ਾਮਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਖੁਦ ਅਧਰਮੀ ਲੋਕ ਹਨ ਅਤੇ ਗੱਲ ਧਰਮ ਦੀ ਕਰ ਰਹੇ ਹਨ। ਗੁਰੂ ਦੀ ਗੋਲਕ ਦੀ ਦੁਰਵਰਤੋਂ ਨੂੰ ਰੋਕਣ ਸਬੰਧੀ ਉਨ੍ਹਾਂ ਕਿਹਾ ਕਿ ਇਸ ਲਈ ਇਸ ਸੰਸਥਾ 'ਤੇ ਕਾਬਜ਼ ਧਿਰ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 'ਤੇ ਧਰਮੀ ਅਤੇ ਚੰਗੇ ਲੋਕਾਂ ਦੇ ਕਾਬਜ਼ ਹੋਣ ਦੀ ਲੋੜ ਹੈ, ਤਾਂ ਹੀ ਇਸ ਦੀ ਗੋਲਕ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕਦਾ ਹੈ।
Baldev Singh Sirsa
ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨੀ ਅੰਦੋਲਨ ਦੀ ਹਮਾਇਤ ਦੀ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਲਈ ਲਈ ਜਾ ਰਹੀ ਲੜਾਈ ਵਿਚ ਸ਼੍ਰੋਮਣੀ ਕਮੇਟੀ ਸਮੇਤ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਦੇਸ਼ ਭਰ ਦੇ ਕਿਸਾਨਾਂ ਨੂੰ ਰਸਤਾ ਵਿਖਾਉਣ ਨਾਲ ਸਿੱਖਾਂ ਪ੍ਰਤੀ ਲੋਕਾਂ ਦਾ ਨਜ਼ਰੀਆਂ ਬਦਲਿਆਂ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਪਿਛਲੇ ਸਮੇਂ ਦੌਰਾਨ ਖਾਲਿਸਤਾਨੀ ਅਤੇ ਵੱਖਵਾਦੀਆਂ ਵਜੋਂ ਪੇਸ਼ ਕਰਨ ਦੀਆਂ ਨੀਤੀਆਂ ਦੀ ਹੁਣ ਬਾਹਰੀ ਲੋਕਾਂ ਨੂੰ ਵੀ ਸਮਝ ਆਉਣ ਲੱਗੀ ਹੈ ਅਤੇ ਉਹ ਪੰਜਾਬ ਦੇ ਕਿਸਾਨਾਂ ਅਤੇ ਸਿੱਖਾਂ ਦਾ ਧੰਨਵਾਦ ਕਰ ਰਹੇ ਹਨ।
Baldev Singh Sirsa
ਹਰਿਆਣਾ ਦੇ ਕਿਸਾਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਉਹ ਕਹਿ ਰਹੇ ਹਨ ਕਿ ਸਾਨੂੰ ਪੰਜਾਬੀਆਂ ਨੇ ਸੁੱਤਿਆਂ ਨੂੰ ਜਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ ਆਨੰਦਪੁਰ ਸਾਹਿਬ ਦੇ ਮਤੇ ਦੇ ਪਿਛੋਕੜ ਬਾਰੇ ਵੀ ਜਾਣੂ ਕਰਵਾਇਆ ਹੈ ਕਿ ਕਿਵੇਂ ਇਹ ਵੱਖਵਾਦੀ ਨਾ ਹੋ ਕੇ ਸੂਬਿਆਂ ਦੇ ਹੱਕਾਂ ਦੀ ਗੱਲ ਕਰਦਾ ਸੀ। ਉਨ੍ਹਾਂ ਕਿਹਾ ਕਿ ਮੈਂ ਹਰਿਆਣਾ ਦੇ ਕਿਸਾਨਾਂ ਨੂੰ ਇਹ ਗੱਲ ਜਚਾਉਣ ਵਿਚ ਕਾਮਯਾਬ ਰਿਹਾ ਹਾਂ ਕਿ ਜੇਕਰ ਉਸ ਵਕਤ ਸਾਰੇ ਦੇਸ਼ ਵਾਸੀਆਂ ਨੇ ਆਨੰਦਪੁਰ ਸਾਹਿਬ ਦੇ ਮਤੇ ਸਮੇਤ ਸਿੱਖਾਂ ਵੱਲੋਂ ਉਠਾਏ ਗਏ ਮੁੱਦਿਆਂ ਦੀ ਹਮਾਇਤ ਕੀਤੀ ਹੁੰਦੀ ਤਾਂ ਨਾ ਹੀ 1984 ਵਾਪਰਨਾ ਸੀ ਅਤੇ ਨਾ ਹੀ ਅੱਜ ਇਹ ਖੇਤੀ ਕਾਨੂੰਨਾਂ ਵਰਗੇ ਮਸਲੇ ਖੜ੍ਹੇ ਹੋਣੇ ਸਨ। ਕਿਸਾਨੀ ਅੰਦੋਲਨ ਵਿਚੋਂ ਸੁਧਾਰਕ ਲਹਿਰ ਖੜ੍ਹੀ ਹੋਣ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਪਰਮਾਤਮਾ ਨੇ ਚਾਹਿਆਂ ਤਾਂ ਇਸ ਵਿਚੋਂ ਲੋਕ ਮਸਲਿਆਂ ਦੇ ਹੱਲ ਲਈ ਲਹਿਰ ਜ਼ਰੂਰ ਉਠੇਗੀ, ਜੋ ਸਮੂਹ ਦੇਸ਼ ਵਾਸੀਆਂ ਦੇ ਹੱਕਾਂ ਦੀ ਰਾਖੀ ਕਰੇ ਸਕੇਗੀ।