
ਕਿਹਾ, ਸਰਕਾਰ ਕਿਸਾਨੀ ਮਸਲੇ ਨੂੰ ਸਿੱਖਾਂ ਅਤੇ ਕੇਵਲ ਪੰਜਾਬ ਨਾਲ ਜੋੜਨਾ ਚਾਹੁੰਦੀ ਹੈ
ਨਵੀਂ ਦਿੱਲੀ (ਚਰਨਜੀਤ ਸਿੰਘ ਚੰਨ): ਕਿਸਾਨੀ ਸੰਘਰਸ਼ ਤੋਂ ਡਰੀ ਸਰਕਾਰ ਹੁਣ ਇਸ ਤੋਂ ਪਿੱਛਾ ਛੁਡਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਨਾ ਰਹੀ ਹੈ। ਇਸੇ ਤਹਿਤ ਉਸ ਵਲੋਂ ਕਿਸਾਨੀ ਸੰਘਰਸ਼ ਨੂੰ ਇਕ ਖ਼ਾਸ ਧਰਮ ਅਤੇ ਖਿੱਤੇ ਨਾਲ ਜੋੜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਬੀਤੇ ਕੱਲ੍ਹ ਨਾਨਕਸਰ ਸੰਪਰਦਾ ਦੇ ਆਗੂ ਬਾਬਾ ਲੱਖਾ ਸਿੰਘ ਨਾਲ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਹੋਈ ਸੀ। ਖ਼ਬਰਾਂ ਮੁਤਾਬਕ ਸਰਕਾਰ ਨੇ ਕਿਸਾਨੀ ਮੁੱਦਾ ਹੱਲ ਕਰਵਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਉਘੇ ਸਿੱਖ ਬੁੱਧੀਜੀਵੀ ਅਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਸਰਕਾਰ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਕਿਸਾਨੀ ਸੰਘਰਸ਼ ਨੂੰ ਗ਼ਲਤ ਰੰਗਤ ਦੇਣ ਦੀ ਸਾਜ਼ਸ਼ ਕਰਾਰ ਦਿਤਾ ਹੈ।
Baldev Singh Sirsa
ਬਾਬਾ ਲੱਖਾ ਸਿੰਘ ਵਲੋਂ ਕਿਸਾਨੀ ਮਸਲੇ ਹੱਲ ਕਰਵਾਉਣ ਲਈ ਸਰਕਾਰ ਤਕ ਪਹੁੰਚ ਕਰਨ ’ਤੇ ਹੈਰਾਨਗੀ ਜਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਿੱਖ ਸ਼ਖ਼ਸੀਅਤਾਂ ਨਾਲ ਕਿਸਾਨੀ ਸੰਘਰਸ਼ ਖ਼ਤਮ ਕਰਵਾਉਣ ਲਈ ਕੀਤਾ ਜਾ ਰਿਹਾ ਸੰਪਰਕ ਸਾਜ਼ਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੀਆਂ ਅਖ਼ਬਾਰੀ ਖ਼ਬਰਾਂ ਜ਼ਰੀਏ ਕਿਸਾਨੀ ਸੰਘਰਸ਼ ਨੂੰ ਕੇਵਲ ਸਿੱਖਾਂ ਅਤੇ ਪੰਜਾਬ ਨਾਲ ਸਬੰਧਤ ਮਸਲਾ ਸਾਬਤ ਕਰਨਾ ਚਾਹੁੰਦੀ ਹੈ। ਪਰ ਕਿਸਾਨੀ ਮਸਲਾ ਨਾ ਹੀ ਧਾਰਮਿਕ ਹੈ ਅਤੇ ਨਾ ਹੀ ਕਿਸੇ ਖ਼ਾਸ ਖਿੱਤੇ ਨਾਲ ਜੁੜਿਆ ਹੋਇਆ ਹੈ, ਇਹ ਦੇਸ਼ ਦੇ ਸਮੂਹ ਕਿਸਾਨਾਂ ਦਾ ਮਸਲਾ ਹੈ, ਜਿਸ ਦੀ ਅਗਵਾਈ ਕਿਸਾਨ ਆਗੂ ਬਾਖੂਬੀ ਕਰ ਰਹੇ ਹਨ।
Baldev Singh Sirsa
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਕਿਸਾਨੀ ਮਸਲੇ ਦੇ ਹੱਲ ਲਈ ਅੱਗੇ ਆਉਣ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ ਸਿਰਸਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਜਿਹੀ ਗ਼ਲਤੀ ਨਹੀਂ ਕਰਨਗੇ, ਕਿਉਂਕਿ ਉਹ ਕਿਸਾਨੀ ਸੰਘਰਸ਼ ਦੀ ਅਸਲੀਅਤ ਤੋਂ ਭਲੀਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਮਸਲਾ ਸਮੂਹ ਦੇਸ਼ ਦੇ ਕਿਸਾਨਾਂ ਦਾ ਮਸਲਾ ਹੈ, ਲੋਕਾਂ ਦੇ ਪੇਟ ਦਾ ਮਸਲਾ ਹੈ, ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਇਸ ਬਾਦਲਾਂ ਅਤੇ ਭਾਜਪਾ ਦੀ ਚਾਲ ਹੈ ਜੋ ਕਿਸਾਨੀ ਸੰਘਰਸ਼ ਦੀ ਦਿੱਖ ਨੂੰ ਸਿਰਫ਼ ਸਿੱਖਾਂ ਜਾਂ ਪੰਜਾਬ ਤਕ ਸੀਮਤ ਕਰਨਾ ਚਾਹੁੰਦੇ ਹਨ।
Baldev Singh Sirsa
ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਸਿੱਖ ਸ਼ਖ਼ਸੀਅਤਾਂ ਦੀ ਸ਼ਮੂਲੀਅਤ ਕਰਵਾਉਣ ਪਿੱਛੇ ਵੱਡੀ ਸਾਜ਼ਸ਼ ਹੈ। ਉਨ੍ਹਾਂ ਕਿਹਾ ਕਿ ਇਹ ਤਾਕਤਾਂ ਕਿਸਾਨੀ ਸੰਘਰਸ਼ ਨੂੰ ਸਿੱਖਾਂ ਨਾਲ ਜੋੜਣ ਦੇ ਨਾਲ ਨਾਲ ਮਸਲੇ ਦੇ ਹੱਲ ਦਾ ਸਿਹਰਾ ਅਪਣੇ ਸਿਰ ਲੈਣਾ ਚਾਹੁੰਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਆਗੂ ਇਹ ਕਹਿ ਰਹੇ ਹਨ ਕਿ ਕਿਸਾਨੀ ਸੰਘਰਸ਼ ’ਚ ਸ਼ਹੀਦ ਹੋਏ ਕਿਸਾਨਾਂ ਵਿਚੋਂ 40 ਉਨ੍ਹਾਂ ਦੇ ਪਾਰਟੀ ਨਾਲ ਸਬੰਧਤ ਸਨ, ਇਹ ਉਨ੍ਹਾਂ ਦੀ ਹੀ ਚਾਲ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਵੱਡੇ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਗੁੰਮਰਾਹ ਕੀਤਾ ਹੈ, ਪਰ ਜੇਕਰ ਸੁਖਬੀਰ ਬਾਦਲ ਵੀ ਇਹੀ ਪੱਤਾ ਖੇਡਣਾ ਚਾਹੁੰਦੇ ਹਨ ਤਾਂ ਇਹ ਉਨ੍ਹਾਂ ਦੀ ਗ਼ਲਤ ਫ਼ਹਿਗੀ ਹੋਵੇਗੀ।
Baldev Singh Sirsa
15 ਜਨਵਰੀ ਦੀ ਮੀਟਿੰਗ ਤੋਂ ਮਸਲੇ ਦੀ ਹੱਲ ਦੀ ਉਮੀਦ ਬਾਰੇ ਉਨ੍ਹਾਂ ਕਿਹਾ ਕਿ ਹੁਣ ਦੋ ਹੀ ਰਸਤੇ ਬਚੇ ਹਨ। ਜਾਂ ਤਾਂ 26 ਤਰੀਕ ਤੋਂ ਪਹਿਲਾਂ ਪਹਿਲਾਂ ਮਸਲਾ ਹੱਲ ਹੋ ਜਾਵੇਗਾ, ਜਾਂ ਫਿਰ 26 ਜਨਵਰੀ ਜਾਂ ਉਸ ਤੋਂ ਪਹਿਲਾਂ ਸਰਕਾਰ ਸਾਡੇ ’ਤੇ ਹਮਲਾ ਕਰ ਸਕਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪਰ ਸਰਕਾਰ ਦੀ ਇੰਨੀ ਹਿੰਮਤ ਨਹੀਂ ਹੋਵੇਗੀ ਕਿਉਂਕਿ ਦੁਨੀਆਂ ਭਰ ਦੀਆਂ ਨਜ਼ਰਾਂ ਇਸ ਵੇਲੇ ਕਿਸਾਨੀ ਸੰਘਰਸ਼ ’ਤੇ ਟਿੱਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਤਕ ਸਾਡੇ 80 ਤੋਂ ਵਧੇਰੇ ਕਿਸਾਨਾਂ ਦੀ ਬਲੀ ਲੈ ਚੁੱਕੀ ਹੈ ਅੱਗੇ ਕੀ ਹੋਵੇਗੀ ਇਹ ਸਮੇਂ ’ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ 7 ਤਰੀਕ ਦੇ 26 ਜਨਵਰੀ ਵਾਲੇ ਟਰੇਲਰ (ਟਰੈਕਟਰ ਮਾਰਚ) ਨੇ ਸਰਕਾਰ ਨੂੰ ਅੰਦਰ ਤਕ ਹਿਲਾ ਕੇ ਰੱਖ ਦਿਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਬੀਤੇ ਕੱਲ੍ਹ ਦੇ ਤੇਵਰ ਇਸੇ ਬੁਖਲਾਹਟ ਦਾ ਨਤੀਜਾ ਹੈ।