
ਕਮਲ ਨਾਥ ਦੇ ਬੇਟੇ ਨਕੁਲ ਨਾਥ ਨੂੰ ਛਿੰਦਵਾੜਾ ਤੋਂ ਟਿਕਟ ਦਿਤੀ ਗਈ ਹੈ
Lok Sabha Election 2024: ਕਾਂਗਰਸ ਨੇ ਮੰਗਲਵਾਰ ਨੂੰ ਲੋਕ ਸਭਾ ਚੋਣਾਂ ਲਈ 43 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ, ਜਿਸ ਵਿਚ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਬੇਟੇ ਨਕੁਲ ਨਾਥ ਸ਼ਾਮਲ ਹਨ।
ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਵੈਭਵ ਗਹਿਲੋਤ ਨੂੰ ਰਾਜਸਥਾਨ ਦੀ ਜਾਲੋਰ ਲੋਕ ਸਭਾ ਸੀਟ ਤੋਂ ਅਤੇ ਨਕੁਲ ਨਾਥ ਨੂੰ ਮੱਧ ਪ੍ਰਦੇਸ਼ ਦੀ ਛਿੰਦਵਾੜਾ ਸੀਟ ਤੋਂ ਨਾਮਜ਼ਦ ਕੀਤਾ ਗਿਆ ਹੈ। ਲੋਕ ਸਭਾ ’ਚ ਕਾਂਗਰਸ ਦੇ ਉਪ ਨੇਤਾ ਗੌਰਵ ਗੋਗੋਈ ਅਸਾਮ ਦੇ ਜੋਰਹਾਟ ਤੋਂ ਚੋਣ ਲੜਨਗੇ।
ਭਾਰਤੀ ਜਨਤਾ ਪਾਰਟੀ (ਭਾਜਪਾ) ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਰਾਹੁਲ ਕਾਸਵਾਨ ਨੂੰ ਉਨ੍ਹਾਂ ਦੇ ਮੌਜੂਦਾ ਸੰਸਦੀ ਹਲਕੇ ਚੁਰੂ ਤੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਕਾਂਗਰਸ ਉਮੀਦਵਾਰਾਂ ਦੀ ਦੂਜੀ ਸੂਚੀ ’ਚ 10 ਉਮੀਦਵਾਰ ਜਨਰਲ ਸ਼੍ਰੇਣੀ ਅਤੇ 33 ਉਮੀਦਵਾਰ ਐਸ.ਸੀ., ਐਸ.ਟੀ. ਅਤੇ ਘੱਟ ਗਿਣਤੀਆਂ ਦੇ ਹਨ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) ਨੇ ਸੋਮਵਾਰ ਨੂੰ ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਲਈ 60 ਤੋਂ ਵੱਧ ਉਮੀਦਵਾਰਾਂ ਦੇ ਨਾਵਾਂ ’ਤੇ ਵਿਚਾਰ ਕੀਤਾ, ਜਿਨ੍ਹਾਂ ਵਿਚੋਂ ਲਗਭਗ 43 ਨੂੰ ਲੋਕ ਸਭਾ ਚੋਣਾਂ ਲਈ ਅੰਤਿਮ ਰੂਪ ਦਿਤਾ ਗਿਆ।
ਕਾਂਗਰਸ ਨੇ ਸ਼ੁਕਰਵਾਰ ਨੂੰ 39 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿਚ ਸੱਭ ਤੋਂ ਪ੍ਰਮੁੱਖ ਨਾਮ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਸੀ। ਉਨ੍ਹਾਂ ਨੂੰ ਇਕ ਵਾਰ ਫਿਰ ਕੇਰਲ ਦੀ ਵਾਇਨਾਡ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਕਾਂਗਰਸ ਉਮੀਦਵਾਰਾਂ ਦੀ ਪਹਿਲੀ ਸੂਚੀ ’ਚ 15 ਉਮੀਦਵਾਰ ਜਨਰਲ ਸ਼੍ਰੇਣੀ ਤੋਂ ਅਤੇ 24 ਐਸ.ਸੀ., ਐਸ.ਟੀ. ਅਤੇ ਘੱਟ ਗਿਣਤੀਆਂ ਤੋਂ ਸਨ।
(For more Punjabi news apart from Lok Sabha Election 2024: Congress releases 2nd list of 43 candidates, stay tuned to Rozana Spokesman)