
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਈ ਰਾਜਾਂ ਵਿਚ ਕਿਰਤ ਕਾਨੂੰਨ ਵਿਚ ਸੋਧ ਕੀਤੇ ਜਾਣ ਦੀ ਆਲੋਚਨਾ ਕਰਦਿਆਂ....
ਨਵੀਂ ਦਿੱਲੀ, 11 ਮਈ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਈ ਰਾਜਾਂ ਵਿਚ ਕਿਰਤ ਕਾਨੂੰਨ ਵਿਚ ਸੋਧ ਕੀਤੇ ਜਾਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੋਰੋਨਾ ਸੰਕਟ ਮਜ਼ਦੂਰਾਂ ਦੇ ਸ਼ੋਸ਼ਣ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦਾ ਬਹਾਨਾ ਨਹੀਂ ਹੋ ਸਕਦਾ। ਉਨ੍ਹਾਂ ਟਵਿਟਰ 'ਤੇ ਕਿਹਾ, 'ਕਈ ਰਾਜਾਂ ਦੁਆਰਾ ਕਿਰਤ ਕਾਨੂੰਨਾਂ ਵਿਚ ਸੋਧ ਕੀਤੀ ਜਾ ਰਹੀ ਹੈ। ਅਸੀਂ ਕੋਰੋਨਾ ਵਿਰੁਧ ਮਿਲ ਕੇ ਸੰਘਰਸ਼ ਕਰ ਰਹੇ ਹਾਂ ਪਰ ਇਹ ਮਨੁੱਖੀ ਅਧਿਕਾਰਾਂ ਨੂੰ ਦਰੜ ਦੇਣ, ਅਸੁਰੱਖਿਅਤ ਕੰਮ ਸਥਾਨਾਂ ਦੀ ਆਗਿਆ, ਕਿਰਤੀਆਂ ਦੇ ਸ਼ੋਸ਼ਣ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣ ਦਾ ਬਹਾਨਾ ਨਹੀਂ ਹੋ ਸਕਦਾ।'
File photo
ਕਾਂਗਰਸ ਆਗੂ ਨੇ ਕਿਹਾ ਕਿ ਇਨ੍ਹਾਂ ਬੁਨਿਆਦੀ ਸਿਧਾਂਤਾਂ ਬਾਰੇ ਕੋਈ ਸਮਝੌਤਾ ਨਹੀਂ ਹੋ ਸਕਦਾ। ਦਰਅਸਲ, ਕਈ ਰਾਜਾਂ ਨੇ ਕਿਰਤੀਆਂ ਲਈ ਕੰਮਕਾਜ ਦੇ ਘੰਟਿਆਂ ਨੂੰ ਅੱਠ ਘੰਟਿਆਂ ਤੋਂ ਵਧਾ ਕੇ 12 ਘੰਟੇ ਕਰ ਦਿਤਾ ਹੈ। ਕਾਂਗਰਸ ਆਗੂ ਪਿਛਲੇ ਕਈ ਦਿਨਾਂ ਤੋਂ ਕਿਰਤ ਕਾਨੂੰਨਾਂ ਵਿਚ ਤਬਦੀਲੀ ਦਾ ਵਿਰੋਧ ਕਰ ਰਹੇ ਹਨ। (ਏਜੰਸੀ)