
ਕੋਵਿਡ-19 ਦੇ ਮਾਮੂਲੀ ਜਾਂ ਘੱਟ ਗੰਭੀਰ ਰੋਗੀਆਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਤੋਂ ਪਹਿਲਾਂ ਜਾਂਚ ਨਾ ਹੋਣ 'ਤੇ ਉਨ੍ਹਾਂ ਤੋਂ ਲਾਗ ਦਾ ਖ਼ਤਰਾ ਵਧਣÎ ਦੀਆਂ ਧਾਰਨਾਵਾਂ
ਨਵੀਂ ਦਿੱਲੀ, 11 ਮਈ: ਕੋਵਿਡ-19 ਦੇ ਮਾਮੂਲੀ ਜਾਂ ਘੱਟ ਗੰਭੀਰ ਰੋਗੀਆਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਤੋਂ ਪਹਿਲਾਂ ਜਾਂਚ ਨਾ ਹੋਣ 'ਤੇ ਉਨ੍ਹਾਂ ਤੋਂ ਲਾਗ ਦਾ ਖ਼ਤਰਾ ਵਧਣÎ ਦੀਆਂ ਧਾਰਨਾਵਾਂ ਨੂੰ ਰੱਦ ਕਰਦਿਆਂ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਉਪਲਭਧ ਸਬੂਤ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਲਾਗ ਫੈਲਣ ਦੇ ਜੋਖਮ ਵਲ ਇਸ਼ਾਰਾ ਨਹੀਂ ਕਰਦੇ।
ਮੰਤਰਾਲੇ ਨੇ ਰੋਗੀਆਂ ਨੂੰ ਹਸਪਤਾਲ ਤੋਂ ਛੁੱਟੀ ਦਿਤੇ ਜਾਣ ਸਬੰਧੀ ਸੋਧੀ ਹੋਈ ਨੀਤੀ ਬਾਰੇ 'ਵਾਰ ਵਾਰ ਪੁੱਛੇ ਜਾਣ ਵਾਲੇ ਸਵਾਲਾਂ' ਵਿਚ ਕਿਹਾ ਕਿ ਇਸ ਤਰ੍ਹਾਂ ਦੇ ਰੋਗੀ ਛੁੱਟੀ ਮਿਲਣ ਦੇ ਬਾਅਦ ਹੋਰ ਸੱਤ ਦਿਨ ਘਰਾਂ ਵਿਚ ਅਲੱਗ ਰਹਿਣਗੇ। ਮੰਤਰਾਲੇ ਨੇ ਨੌਂ ਮਈ ਨੂੰ ਇਸ ਸਬੰਧ ਵਿਚ ਨਵੀਂ ਨੀਤੀ ਜਾਰੀ ਕੀਤੀ ਸੀ ਜਿਸ ਮੁਤਾਬਕ ਕੋਰੋਨਾ ਵਾਇਰਸ ਲਾਗ ਦੇ ਜਿਹੜੇ ਰੋਗੀਆਂ ਦੀ ਹਾਲਤ ਗੰਭੀਰ ਹੈ, ਉਨ੍ਹਾਂ ਦੀ ਆਰਟੀ-ਪੀਸੀਆਰ ਜਾਂਚ ਵਿਚ ਲਾਗ ਦੀ ਪੁਸ਼ਟੀ ਨਾ ਹੋਣ ਮਗਰੋਂ ਹੀ ਹਸਪਤਾਲ ਵਿਚੋਂ ਛੁੱਟੀ ਦਿਤੀ ਜਾਵੇਗੀ।
File photo
ਕੋਵਿਡ-19 ਦੇ ਮਾਮੂਲੀ ਅਤੇ ਘੱਟ ਗੰਭੀਰ ਮਾਮਲਿਆਂ ਦੇ ਸਬੰਧ ਵਿਚ ਇਸ ਨੀਤੀ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਲੱਛਣ ਖ਼ਤਮ ਹੋਣ ਮਗਰੋਂ ਛੁੱਟੀ ਦਿਤੀ ਜਾ ਸਕਦੀ ਹੈ ਅਤੇ ਇਸ ਤੋਂ ਪਹਿਲਾਂ ਉਨ੍ਹਾਂ ਦੀ ਜਾਂਚ ਜ਼ਰੂਰੀ ਨਹੀਂ। ਮੰਤਰਾਲੇ ਨੇ ਕਿਹਾ, 'ਸੋਧੇ ਹੋਏ ਮਾਪਦੰਡਾਂ ਵਿਚ ਇਸ ਗੱਲ ਨੂੰ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦੇ ਰੋਗੀਆਂ ਨੂੰ ਸੱਤ ਦਿਨ ਹੋਰ ਘਰ ਵਿਚ ਅਲੱਗ ਰਹਿਣਾ ਪਵੇਗਾ।'
ਨੀਤੀ ਮੁਤਾਬਕ ਕਿਸੇ ਕੋਵਿਡ-19 ਇਲਾਜ ਕੇਂਦਰ ਵਿਚ ਦਾਖ਼ਲ ਕਰਾਏ ਗਏ ਹਲਕੇ, ਬਹੁਤ ਹਲਕੇ ਅਤੇ ਪਹਿਲਾਂ ਲਾਗ ਦੇ ਲੱਛਣ ਨਾ ਦਿਸਣ ਵਾਲੇ ਰੋਗੀਆਂ ਨੂੰ ਲੱਛਣਾਂ ਦੀ ਸ਼ੁਰੂਆਤ ਦੇ ਦਸ ਦਿਨਾਂ ਬਾਅਦ ਛੁੱਟੀ ਦਿਤੀ ਜਾ ਸਕਦੀ ਹੈ ਜਿਨ੍ਹਾਂ ਨੂੰ ਤਿੰਨ ਦਿਨਾਂ ਤਕ ਬੁਖ਼ਾਰ ਨਹੀਂ ਹੋਣਾ ਚਾਹੀਦਾ। ਕਿਹਾ ਗਿਆ ਹੈ ਕਿ ਮਾਮੂਲੀ ਕੇਸਾਂ ਦੇ ਤੌਰ 'ਤੇ ਜਿਹੜੇ ਰੋਗੀਆਂ ਨੂੰ ਵਰਗੀਕ੍ਰਿਤ ਕੀਤਾ ਗਿਆ ਹੈ, ਉਨ੍ਹਾਂ ਨੂੰ ਸਾਹ ਲੈਣ ਵਿਚ ਪ੍ਰੇਸ਼ਾਨੀ ਨਾ ਹੋਣ, ਐਂਟੀਪਾਇਉਰੇਟਿਕ ਦਵਾਈ ਲਏ ਬਿਨਾਂ ਬੁਖ਼ਾਰ ਨਾ ਹੋਣ ਅਤੇ ਆਕਸੀਜਨ ਦੀ ਲੋੜ ਨਾ ਹੋਣ ਦੀ ਹਾਲਤ ਵਿਚ ਲੱਛਣ ਸ਼ੁਰੂ ਹੋਣ ਦੇ ਦਸ ਦਿਨਾਂ ਮਗਰੋਂ ਛੁੱਟੀ ਦਿਤੀ ਜਾ ਸਕੇਗੀ। (ਏਜੰਸੀ)
File photo
ਕਈ ਦੇਸ਼ਾਂ ਨੇ ਨਿਯਮ ਬਦਲੇ
ਰੋਗੀਆਂ ਨੂੰ ਹਸਪਤਾਲਾਂ ਤੋਂ ਛੁੱਟੀ ਦਿਤੇ ਜਾਣ ਸਬੰਧੀ ਨੀਤੀ ਬਦਲਣ ਬਾਰੇ ਪੁੱਛੇ ਜਾਣ 'ਤੇ ਮੰਤਰਾਲੇ ਨੇ ਕਿਹਾ ਕਿ ਕਈ ਦੇਸ਼ਾਂ ਨੇ ਛੁੱਟੀ ਦੇਣ ਦੇ ਮਾਪਦੰਡਾਂ ਨੂੰ 'ਜਾਂਚ ਆਧਾਰਤ ਰਣਨੀਤੀ' ਤੋਂ 'ਲੱਛਣ ਆਧਾਰਤ ਰਣਨੀਤੀ' ਜਾਂ 'ਸਮਾਂ ਆਧਾਰਤ ਰਣਨੀਤੀ' ਮੁਤਾਬਕ ਬਦਲਿਆ ਹੈ। ਇਸ ਤਰ੍ਹਾਂ ਦਾ ਸੰਕੇਤ ਮਿਲਿਆ ਹੈ ਕਿ ਸ਼ੁਰੂਆਤੀ ਆਰਟੀ ਪੀਸੀਆਰ ਜਾਂਚ ਵਿਚ ਲੱਛਣਾਂ ਦੀ ਪੁਸ਼ਟੀ ਹੋਣ 'ਤੇ ਰੋਗੀ ਦਸ ਦਿਨਾਂ ਦੀ ਔਸਤ ਮਿਆਦ ਮਗਰੋਂ ਲਾਗ ਮੁਕਤ ਹੋ ਗਏ।