
ਗਿਰੋਹ ‘ਚ ਨਾਬਾਲਗ ਵੀ ਨੇ ਸ਼ਾਮਲ
ਨਵੀਂ ਦਿੱਲੀ - ਦਿੱਲੀ ਕ੍ਰਾਈਮ ਬਰਾਂਚ ਨੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗਿਰੋਹ ਦੇ ਜ਼ਬਰਨ ਵਸੂਲੀ ਕਰਨ ਵਾਲੇ ਤਿੰਨ ਗਿਰੋਹਾਂ ਦਾ ਪਰਦਾਫਾਸ਼ ਕੀਤਾ ਹੈ ਜਿਸ ਦੌਰਾਨ 8 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗੋਲਡੀ ਬਰਾੜ-ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰ ਜ਼ਬਰਨ ਵਸੂਲੀ ਲਈ ਨਾਬਾਲਗਾਂ ਦਾ ਇਸਤੇਮਾਲ ਕਰਦੇ ਹਨ।
ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਦਿੱਲੀ ਕ੍ਰਾਈਮ ਬਰਾਂਚ ਨੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਜ਼ਬਰਨ ਵਸੂਲੀ ਕਰਨ ਵਾਲੇ ਤਿੰਨ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਕੁੱਲ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 6 ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਨੂੰ ਲੈ ਕੇ ਦਿੱਲੀ ਪੁਲਿਸ ਪ੍ਰੈੱਸ ਕਾਨਫ਼ਰੰਸ ਕਰ ਕੇ ਹੋਰ ਖ਼ੁਲਾਸੇ ਕਰ ਸਕਦੀ ਹੈ।
ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ 2 ਮਈ ਨੂੰ ਰੋਹਿਣੀ ਇਲਾਕੇ 'ਚ ਅਪਰਾਧੀਆਂ ਅਤੇ ਪੁਲਿਸ ਟੀਮ ਦਰਮਿਆਨ ਮੁਕਾਬਲੇ ਤੋਂ ਬਾਅਦ ਲਾਰੈਂਸ ਗਿਰੋਹ ਨਾਲ ਜੁੜੇ 2 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲਿਸ ਨੂੰ 2 ਲੋੜੀਂਦੇ ਅਪਰਾਧੀਆਂ ਦੇ ਰੋਹਿਣੀ ਦੇ ਜਾਪਾਨੀ ਪਾਰਕ ਕੋਲ ਆਉਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸਪੈਸ਼ਲ ਸੈੱਲ ਨੇ ਇਨ੍ਹਾਂ ਨੂੰ ਫੜਨ ਲਈ ਜਾਲ ਵਿਛਾਇਆ। ਮੁਕਾਬਲੇ ਤੋਂ ਬਾਅਦ ਉਨ੍ਹਾਂ ਨੂੰ ਫੜ ਲਿਆ ਗਿਆ। ਦਿੱਲੀ ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਵਿਅਕਤੀ ਰਜਤ ਅਤੇ ਹਬੀਬ ਸੁਰੇਂਦਰ ਮਟਿਆਲਾ ਕਤਲ ਕਾਂਡ 'ਚ ਸ਼ਾਮਲ ਸਨ। ਪੁਲਿਸ ਨੇ ਇਨ੍ਹਾਂ ਤੋਂ 2 ਪਿਸਟਲ ਅਤੇ 6 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।