
ਭਾਜਪਾ ਵਾਲੇ ਵੀ ਕਹਿ ਰਹੇ ਹਨ- (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਜੀ ਨੇ ਇਹ ਆਰਡੀਨੈਂਸ ਲਿਆ ਕੇ ਸਹੀ ਨਹੀਂ ਕੀਤਾ।''
ਨਵੀਂ ਦਿੱਲੀ - 'ਆਪ' ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਰਾਜਧਾਨੀ 'ਚ ਸੇਵਾਵਾਂ 'ਤੇ ਕੰਟਰੋਲ ਨਾਲ ਜੁੜੇ ਆਰਡੀਨੈਂਸ ਨੂੰ ਲੈ ਕੇ ਬੁਲਾਈ ਰੈਲੀ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਈ ਵਰਕਰ ਅਤੇ ਸਮਰਥਕ ਵੀ ਸ਼ਾਮਲ ਹੋਏ ਸਨ। ਤਪਦੀ ਧੁੱਪ 'ਚ ਦਿੱਲੀ ਸਰਕਾਰ (ਸੋਧ) ਆਰਡੀਨੈਂਸ 2023 ਖ਼ਿਲਾਫ਼ ਰਾਸ਼ਟਰੀ ਰਾਜਧਾਨੀ ਦੇ ਰਾਮਲੀਲਾ ਮੈਦਾਨ 'ਚ ਐਤਵਾਰ ਨੂੰ ਹੋਈ 'ਮਹਾ ਰੈਲੀ' 'ਚ ਹਜ਼ਾਰਾਂ ਲੋਕ ਪਹੁੰਚੇ ਸਨ।
ਇਸ ਸਬੰਧੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ''ਆਰਡੀਨੈਂਸ ਖ਼ਿਲਾਫ਼ ਐਤਵਾਰ ਸ਼ਾਮ ਰਾਮ ਲੀਲਾ ਮੈਦਾਨ ਦੀ ਰੈਲੀ 'ਚ ਭਾਜਪਾ ਦੇ ਕਈ ਲੋਕ ਆਏ। ਭਾਜਪਾ ਵਾਲੇ ਵੀ ਕਹਿ ਰਹੇ ਹਨ- (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਜੀ ਨੇ ਇਹ ਆਰਡੀਨੈਂਸ ਲਿਆ ਕੇ ਸਹੀ ਨਹੀਂ ਕੀਤਾ।''
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ 7 ਦਿਨ ਬਾਅਦ ਕੇਂਦਰ ਸਰਕਾਰ ਨੇ 19 ਮਈ ਨੂੰ ਦਿੱਲੀ ਸਰਕਾਰ ਦੇ ਅਧਿਕਾਰਾਂ ਨੂੰ ਖੋਹਦੇ ਹੋਏ ਆਰਡੀਨੈਂਸ ਜਾਰੀ ਕੀਤਾ। ਆਰਡੀਨੈਂਸ ਮੁਤਾਬਕ ਦਿੱਲੀ 'ਚ ਅਧਿਕਾਰੀਆਂ ਦੇ ਤਬਾਦਲੇ-ਪੋਸਟਿੰਗ ਦਾ ਆਖ਼ਰੀ ਫ਼ੈਸਲਾ ਲੈਫਟੀਨੈਂਟ ਗਵਰਨਰ (LG) ਵਲੋਂ ਲਿਆ ਜਾਵੇਗਾ। ਮੁੱਖ ਮੰਤਰੀ ਨੂੰ ਇਸ ਵਿਚ ਕੋਈ ਅਧਿਕਾਰ ਨਹੀਂ ਹੋਵੇਗਾ। ਹੁਣ 6 ਮਹੀਨਿਆਂ ਦੇ ਅੰਦਰ ਸੰਸਦ 'ਚ ਇਸ ਨਾਲ ਜੁੜਿਆ ਕਾਨੂੰਨ ਵੀ ਬਣਾਇਆ ਜਾਵੇਗਾ।
ਸੁਪਰੀਮ ਕੋਰਟ 11 ਮਈ ਦੇ ਫ਼ੈਸਲੇ ਤੋਂ ਪਹਿਲਾਂ ਦਿੱਲੀ 'ਚ ਸਾਰੇ ਅਧਿਕਾਰੀਆਂ ਦੇ ਟਰਾਂਸਫ਼ਰ ਅਤੇ ਅਹੁਦਾ ਸਥਾਪਨਾ ਮਾਮਲੇ ਉੱਪ ਰਾਜਪਾਲ ਦੇ ਕਾਰਜਕਾਰੀ ਕੰਟਰੋਲ 'ਚ ਸਨ। ਆਰਡੀਨੈਂਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਗੈਰ-ਭਾਜਪਾ ਦਲਾਂ ਦੇ ਨੇਤਾਵਾਂ ਨਾਲ ਸੰਪਰਕ ਕਰ ਕੇ ਆਰਡੀਨੈਂਸ ਖ਼ਿਲਾਫ਼ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਸੰਸਦ 'ਚ ਇਸ ਬਾਰੇ ਕੇਂਦਰ ਦਾ ਬਿੱਲ ਅਸਫ਼ਲ ਹੋ ਜਾਵੇ।