
ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਇਲਾਕੇ ਦਾ ਮਾਹੌਲ ਉਨ੍ਹਾਂ ਲਈ ਵਿਗੜ ਰਿਹਾ ਹੈ
ਜੈਪੁਰ: ਭੱਟਾ ਬਸਤੀ ਥਾਣਾ ਖੇਤਰ ਦੇ ਸ਼ਿਵਾਜੀ ਨਗਰ ’ਚ ਬੁਧਵਾਰ ਨੂੰ ਕੁੱਝ ਘਰਾਂ ’ਤੇ ਪੋਸਟਰ ਦੇਖੇ ਗਏ, ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਮਕਾਨ ਗੈਰ-ਹਿੰਦੂਆਂ ਨੂੰ ਨਹੀਂ ਵੇਚੇ ਜਾਣੇ ਚਾਹੀਦੇ। ਇਨ੍ਹਾਂ ਪੋਸਟਰਾਂ ’ਚ ਹਿੰਦੂ ਲੋਕਾਂ ਦਾ ਪ੍ਰਵਾਸ ਰੋਕਣ ਦੀ ਅਪੀਲ ਵੀ ਕੀਤੀ ਗਈ ਹੈ। ਕੁੱਝ ਸਥਾਨਕ ਲੋਕਾਂ ਨੇ ਇਕ ਟੀ.ਵੀ. ਚੈਨਲ ਨੂੰ ਦਸਿਆ ਕਿ ਉਨ੍ਹਾਂ ਨੇ ਅਪਣੀ ਮਰਜ਼ੀ ਨਾਲ ਅਪਣੇ ਘਰਾਂ ’ਤੇ ਪੋਸਟਰ ਚਿਪਕਾ ਕੇ ਅਪਣੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਘਰ ਗੈਰ-ਹਿੰਦੂਆਂ ਨੂੰ ਨਾ ਵੇਚਣ।
ਸੰਪਰਕ ਕੀਤੇ ਜਾਣ ’ਤੇ ਭੱਟਾ ਬਸਤੀ ਦੇ ਐਸ.ਐਚ.ਓ. ਕੈਲਾਸ਼ ਨੇ ਪੋਸਟਰ ਲਗਾਉਣ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਲੋਕਾਂ ਨੇ ਅਪਣੇ ਘਰਾਂ ’ਤੇ ਪੋਸਟਰ ਚਿਪਕਾ ਦਿਤੇ ਹਨ ਅਤੇ ਅਜੇ ਤਕ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਸਰਵ ਹਿੰਦੂ ਸਮਾਜ ਦੇ ਨਾਂ ’ਤੇ ਲੱਗੇ ਸਾਰੇ ਪੋਸਟਰਾਂ ’ਚ ਹਿੰਦੀ ’ਚ ਲਿਖਿਆ ਹੈ, ‘‘ਸਨਾਤਨੀਆਂ ਨੂੰ ਅਪੀਲ, ਪ੍ਰਵਾਸ ਬੰਦ ਕਰੋ। ਸਾਰੇ ਸਨਾਤਨ ਭਰਾਵਾਂ ਅਤੇ ਭੈਣਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਪਣੇ ਘਰ ਗੈਰ-ਹਿੰਦੂਆਂ ਨੂੰ ਨਾ ਵੇਚਣ।’’
ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਇਲਾਕੇ ਦਾ ਮਾਹੌਲ ਉਨ੍ਹਾਂ ਲਈ ਵਿਗੜ ਰਿਹਾ ਹੈ ਕਿਉਂਕਿ ਜਿਹੜੇ ਲੋਕ ਆਏ ਸਨ ਅਤੇ ਮਕਾਨ ਖਰੀਦ ਕੇ ਉਨ੍ਹਾਂ ਵਿਚ ਰਹਿਣ ਲੱਗੇ ਸਨ, ਉਨ੍ਹਾਂ ਵਿਚੋਂ ਬਹੁਤ ਸਾਰੇ ਪਰੇਸ਼ਾਨੀ ਪੈਦਾ ਕਰ ਰਹੇ ਸਨ, ਜਿਸ ਨਾਲ ਔਰਤਾਂ ਅਤੇ ਲੜਕੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ ਉਨ੍ਹਾਂ ਦੀਆਂ ਗਲੀਆਂ ਵਿਚ ਘੁੰਮਦੇ ਹਨ ਅਤੇ ਨੌਜੁਆਨਾਂ ਦੇ ਸਮੂਹ ਇਕੱਠੇ ਹੁੰਦੇ ਹਨ ਅਤੇ ਜਦੋਂ ਸਥਾਨਕ ਲੋਕ ਵਿਰੋਧ ਕਰਦੇ ਹਨ ਤਾਂ ਉਹ ਲੜਨਾ ਸ਼ੁਰੂ ਕਰ ਦਿੰਦੇ ਹਨ।
ਇਕ ਸਥਾਨਕ ਵਿਅਕਤੀ ਨੇ ਕਿਹਾ, ‘‘ਇਸ ਸਥਿਤੀ ਦੇ ਕਾਰਨ, ਅਸੀਂ ਅਪਣੇ ਘਰਾਂ ਦੇ ਬਾਹਰ ਪੋਸਟਰ ਚਿਪਕਾਉਣ ਦਾ ਫੈਸਲਾ ਕੀਤਾ ਜਿਸ ’ਚ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਅਪਣੇ ਘਰ ਗੈਰ-ਹਿੰਦੂਆਂ ਨੂੰ ਨਾ ਵੇਚਣ। ਜਾਇਦਾਦ ਦੇ ਦਲਾਲ ਅਕਸਰ ਸਾਡੇ ਕੋਲ ਆਉਂਦੇ ਹਨ ਅਤੇ ਪੁੱਛਦੇ ਹਨ ਕਿ ਕੀ ਅਸੀਂ ਅਪਣਾ ਘਰ ਵੇਚਣ ’ਚ ਦਿਲਚਸਪੀ ਰਖਦੇ ਹਾਂ। ਬਹੁਤ ਸਾਰੇ ਘਰ ਬਾਹਰੀ ਲੋਕਾਂ ਨੂੰ ਵੇਚ ਦਿਤੇ ਗਏ ਹਨ ਅਤੇ ਸਾਡੇ ਇਲਾਕੇ ਦਾ ਮਾਹੌਲ ਖਰਾਬ ਹੋ ਗਿਆ ਹੈ।’’
ਥਾਣਾ ਅਧਿਕਾਰੀ ਨੇ ਕਿਹਾ ਕਿ ਜਦੋਂ ਵੀ ਪਰੇਸ਼ਾਨੀ ਦੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਪੁਲਿਸ ਵਲੋਂ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਾਇਦਾਦ ਖਰੀਦਣਾ ਅਤੇ ਵੇਚਣਾ ਨਿੱਜੀ ਮਾਮਲਾ ਹੈ। ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਜਿਸ ’ਚ ਕੋਈ ਵਿਵਾਦ ਹੋਵੇ।