
ਮੁਰਸਨ ਅਤੇ ਹਿਲਸਾ ਕ੍ਰਮਵਾਰ ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਸਥਿਤ ਸ਼ਹਿਰ ਹਨ
ਅਹਿਮਦਾਬਾਦ: ਮੰਗਲ ਗ੍ਰਹਿ ਦੀ ਸਤਹ ’ਤੇ ਹਾਲ ਹੀ ’ਚ ਲੱਭੇ ਗਏ ਤਿੰਨ ਖੱਡਿਆਂ ਦਾ ਨਾਂ ਪ੍ਰਸਿੱਧ ਭੌਤਿਕ ਵਿਗਿਆਨੀ ਸਵਰਗੀ ਦੇਵੇਂਦਰ ਲਾਲ ਅਤੇ ਉੱਤਰੀ ਭਾਰਤ ਦੇ ਦੋ ਸ਼ਹਿਰਾਂ ਮੁਰਸਾਨ ਅਤੇ ਹਿਲਸਾ ਦੇ ਨਾਂ ’ਤੇ ਰੱਖਿਆ ਗਿਆ ਹੈ।
ਇਹ ਖੋਜ ਵਿਗਿਆਨੀਆਂ ਦੀ ਇਕ ਟੀਮ ਨੇ ਕੀਤੀ ਹੈ, ਜਿਸ ’ਚ ਇੱਥੇ ਭੌਤਿਕ ਖੋਜ ਪ੍ਰਯੋਗਸ਼ਾਲਾ (ਪੀ.ਆਰ.ਐਲ.) ਦੇ ਖੋਜਕਰਤਾ ਵੀ ਸ਼ਾਮਲ ਹਨ। ਇਸ ਮਹੀਨੇ ਦੀ ਸ਼ੁਰੂਆਤ ’ਚ ਇਕ ਕੌਮਾਂਤਰੀ ਸੰਸਥਾ ਨੇ ਇਸ ਨਾਮਕਰਨ ਨੂੰ ਮਨਜ਼ੂਰੀ ਦਿਤੀ ਸੀ।
ਭਾਰਤ ਸਰਕਾਰ ਦੇ ਪੁਲਾੜ ਵਿਭਾਗ ਦੀ ਇਕਾਈ ਪੀ.ਆਰ.ਐਲ. ਨੇ ਬੁਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਤਿੰਨ ਖੱਡੇ ਮੰਗਲ ਗ੍ਰਹਿ ਦੇ ਥਾਰਿਸ ਜਵਾਲਾਮੁਖੀ ਖੇਤਰ ਵਿਚ ਸਥਿਤ ਹਨ। ਥਾਰਿਸ ਇਕ ਵੱਡਾ ਜਵਾਲਾਮੁਖੀ ਪਠਾਰ ਹੈ ਜੋ ਮੰਗਲ ਗ੍ਰਹਿ ਦੇ ਪਛਮੀ ਗੋਲੇ ’ਚ ਭੂਮੱਧ ਰੇਖਾ ਦੇ ਨੇੜੇ ਕੇਂਦਰਿਤ ਹੈ।
ਪੀ.ਆਰ.ਐਲ. ਦੇ ਡਾਇਰੈਕਟਰ ਅਨਿਲ ਭਾਰਦਵਾਜ ਨੇ ਇਕ ਬਿਆਨ ਵਿਚ ਕਿਹਾ ਕਿ ਪੀ.ਆਰ.ਐਲ. ਦੀ ਸਿਫਾਰਸ਼ ’ਤੇ ਕੌਮਾਂਤਰੀ ਖਗੋਲ ਵਿਗਿਆਨ ਯੂਨੀਅਨ (ਆਈ.ਏ.ਯੂ.) ਦੇ ਇਕ ਕਾਰਜ ਸਮੂਹ ਨੇ 5 ਜੂਨ ਨੂੰ ਲਾਲ ਕ੍ਰੇਟਰ, ਮੁਰਸਨ ਕ੍ਰੇਟਰ ਅਤੇ ਹਿਲਸਾ ਕ੍ਰੇਟਰ ਦਾ ਨਾਮ ਰੱਖਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿਤੀ ਹੈ। ਮੁਰਸਨ ਅਤੇ ਹਿਲਸਾ ਕ੍ਰਮਵਾਰ ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਸਥਿਤ ਸ਼ਹਿਰ ਹਨ।