
ਇਸ ਤੋਂ ਇਲਾਵਾ ਕੌਂਸਲ ਨੇ ਆਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ 'ਤੇ 28 ਫ਼ੀਸਦੀ ਟੈਕਸ ਲਗਾਉਣ ਲਈ ਵੀ ਸਹਿਮਤੀ ਪ੍ਰਗਟਾਈ ਹੈ
ਨਵੀਂ ਦਿੱਲੀ- ਗੁਡਸ ਐਂਡ ਸਰਵਿਸਿਜ਼ ਟੈਕਸ ਕੌਂਸਲ (ਜੀਐਸਟੀ ਕੌਂਸਲ) ਨੇ ਮੰਗਲਵਾਰ ਨੂੰ ਆਪਣੀ 50ਵੀਂ ਮੀਟਿੰਗ ਵਿਚ ਸਿਨੇਮਾ ਹਾਲਾਂ ਵਿਚ ਪਰੋਸੇ ਜਾਣ ਵਾਲੇ ਖਾਣੇ 'ਤੇ ਟੈਕਸ ਘਟਾਉਣ ਸਮੇਤ ਕਈ ਪ੍ਰਸਤਾਵਾਂ 'ਤੇ ਸਹਿਮਤੀ ਜਤਾਈ ਹੈ। ਇਸ ਦੇ ਨਾਲ ਹੀ ਕੌਂਸਲ ਨੇ ਕੁਝ ਜੀਵਨ ਰੱਖਿਅਕ ਦਵਾਈਆਂ ਦੀ ਦਰਾਮਦ 'ਤੇ ਟੈਕਸ ਛੋਟ ਦੇਣ ਦੀ ਗੱਲ ਕੀਤੀ ਹੈ।
ਸੂਬਿਆਂ ਦੇ ਵਿੱਤ ਮੰਤਰੀ ਅਤੇ ਕੇਂਦਰੀ ਵਿੱਤ ਮੰਤਰੀ ਦੀ ਅਗਵਾਈ ਵਾਲੀ ਕੌਂਸਲ ਨੇ ਸਿਨੇਮਾ ਹਾਲਾਂ ਵਿਚ ਪਰੋਸੇ ਜਾਣ ਵਾਲੇ ਭੋਜਨ 'ਤੇ ਟੈਕਸ 18 ਫੀਸਦੀ ਤੋਂ ਘਟਾ ਕੇ ਸਿਰਫ਼ 5 ਫੀਸਦੀ ਕਰਨ ਦਾ ਫ਼ੈਸਲਾ ਕੀਤਾ ਹੈ। ਮਾਲੀਆ ਸਕੱਤਰ ਸੰਜੇ ਮਲਹੋਤਰਾ ਨੇ ਕਿਹਾ ਕਿ "ਜੀਐਸਟੀ ਕੌਂਸਲ ਦੁਆਰਾ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸਿਨੇਮਾ ਹਾਲਾਂ ਵਿਚ ਖਪਤ ਕੀਤੇ ਜਾਣ ਵਾਲੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ 'ਤੇ 5 ਪ੍ਰਤੀਸ਼ਤ ਜੀਐਸਟੀ ਲੱਗੇਗਾ, ਨਾ ਕਿ 18 ਪ੍ਰਤੀਸ਼ਤ।
ਇਸ ਦੇ ਨਾਲ ਹੀ ਨਵੀਂ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੱਛਮੀ ਬੰਗਾਲ ਦੇ ਵਿੱਤ ਮੰਤਰੀ ਚੰਦਰੀਮਾ ਭੱਟਾਚਾਰੀਆ ਨੇ ਕਿਹਾ ਕਿ ਕੌਂਸਲ ਨੇ ਦੁਰਲੱਭ ਬਿਮਾਰੀਆਂ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਕੈਂਸਰ ਡਰੱਗ ਡਾਇਨਟੁਕਸੀਮਬ ਅਤੇ ਫੂਡ ਫਾਰ ਸਪੈਸ਼ਲ ਮੈਡੀਕਲ ਪਰਪਜ਼ (ਐਫਐਸਐਮਪੀ) ਦੇ ਆਯਾਤ ਉੱਤੇ ਜੀਐਸਟੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ।
ਇਸ ਤੋਂ ਇਲਾਵਾ ਕੌਂਸਲ ਨੇ ਆਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ 'ਤੇ 28 ਫ਼ੀਸਦੀ ਟੈਕਸ ਲਗਾਉਣ ਲਈ ਵੀ ਸਹਿਮਤੀ ਪ੍ਰਗਟਾਈ ਹੈ ਅਤੇ ਇਹ ਟੈਕਸ ਪੂਰੇ ਫੇਸ ਵੈਲਿਊ 'ਤੇ ਲਗਾਇਆ ਜਾਵੇਗਾ। "ਜੀਐਸਟੀ ਕੌਂਸਲ ਨੇ ਫੈਸਲਾ ਕੀਤਾ ਹੈ ਕਿ ਐਂਟਰੀ ਪੁਆਇੰਟ 'ਤੇ ਔਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ 'ਤੇ ਸੱਟੇਬਾਜ਼ੀ ਦੀ ਪੂਰੀ ਕੀਮਤ 'ਤੇ 28 ਪ੍ਰਤੀਸ਼ਤ ਟੈਕਸ ਲਗਾਇਆ ਜਾਵੇਗਾ।