
ਬੈਂਕ ਵਲੋਂ ਅਨੁਸੂਚਿਤ ਜਾਤੀਆਂ ਲਈ ਕਰਜ਼ਾ ਸਕੀਮਾਂ, ਅਸਾਮੀਆਂ ਭਰਨ ਦੇ ਬੈਕਲਾਗ, ਕਰਮਚਾਰੀਆਂ ਲਈ ਚੁੱਕੇ ਗਏ ਹੋਰ ਕਦਮਾਂ ਦੀ ਕੀਤੀ ਸਮੀਖਿਆ
ਚੰਡੀਗੜ੍ਹ : ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਨੇ ਬੁੱਧਵਾਰ ਨੂੰ ਬੈਂਕ ਆਫ ਬੜੌਦਾ ਨਾਲ ਮੁੰਬਈ ਵਿਖੇ ਇਕ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿਚ ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੇ ਨਾਲ-ਨਾਲ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਗਈਆਂ ਅਨੁਸੂਚਿਤ ਜਾਤੀਆਂ ਲਈ ਵੱਖ-ਵੱਖ ਵਿੱਤੀ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਬਾਰੇ ਜਾਣਕਾਰੀ ਹਾਸਲ ਕੀਤੀ।
ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੀ ਅਗਵਾਈ ਵਿਚ ਐਨ.ਸੀ.ਐਸ.ਸੀ. ਵਫ਼ਦ ਨੇ ਬੈਂਕ ਦੇ ਅਨੁਸੂਚਿਤ ਜਾਤੀਆਂ/ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਸੰਗਠਨਾਂ ਦੇ ਆਗੂਆਂ ਨਾਲ ਪਹਿਲੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਆਗੂਆਂ ਨੇ ਸਾਂਪਲਾ ਅਤੇ ਐਨ.ਸੀ.ਐਸ.ਸੀ. ਦੇ ਅਧਿਕਾਰੀਆਂ ਨੂੰ ਬੈਂਕ ਆਫ ਬੜੌਦਾ ਦੇ ਪ੍ਰਬੰਧਨ ਨਾਲ ਲੰਬਿਤ ਮੁੱਦੇ, ਭਰਤੀ ਵਿਚ ਬੈਕਲਾਗ, ਤਰੱਕੀਆਂ ਅਤੇ ਤਬਾਦਲਿਆਂ ਨਾਲ ਸਬੰਧਤ ਹੋਰ ਮੁੱਦਿਆਂ ਬਾਰੇ ਜਾਣੂ ਕਰਵਾਇਆ।
ਦੁਪਹਿਰ ਦੇ ਖਾਣੇ ਤੋਂ ਬਾਅਦ ਕਮਿਸ਼ਨ ਦੇ ਵਫ਼ਦ ਨੇ ਬੈਂਕ ਆਫ ਬੜੌਦਾ ਦੇ ਪ੍ਰਬੰਧਕਾਂ ਨਾਲ ਮੀਟਿੰਗ ਸ਼ੁਰੂ ਕੀਤੀ ਜਿਸ ਦੀ ਅਗਵਾਈ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਦੇਵਦੱਤ ਚੰਦ ਨੇ ਕੀਤੀ। ਕਮਿਸ਼ਨ ਦੇ ਚੇਅਰਮੈਨ ਨੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਨੂੰ ਕਰੈਡਿਟ ਦੇਣ ਅਤੇ ਰਾਖਵੇਂਕਰਨ, ਖ਼ਾਲੀ ਅਸਾਮੀਆਂ ਦਾ ਬੈਕਲਾਗ ਭਰਨ, ਭਲਾਈ ਦੇ ਕੰਮਕਾਜ ਅਤੇ ਸ਼ਿਕਾਇਤ ਨਿਵਾਰਣ ਵਿਧੀ ਅਤੇ ਹੋਰ ਮੁੱਦਿਆਂ ਦੇ ਰੂਪ ਵਿਚ ਇਸ ਦੇ ਐਸ.ਸੀ. ਕਰਮਚਾਰੀਆਂ ਦੀ ਭਲਾਈ ਲਈ ਬੈਂਕ ਆਫ ਬੜੌਦਾ ਦੁਆਰਾ ਚੁੱਕੇ ਗਏ ਵੱਖ-ਵੱਖ ਕਦਮਾਂ ਦੀ ਸਮੀਖਿਆ ਕੀਤੀ।
ਇਹ ਵੀ ਪੜ੍ਹੋ: ਵਿਦਿਆਰਥੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਮੀਟਿੰਗ ਦੌਰਾਨ ਵਿਜੇ ਸਾਂਪਲਾ ਨੇ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਲਈ ਵੱਖ-ਵੱਖ ਭਲਾਈ ਸਕੀਮਾਂ ਜਿਵੇਂ ਕਿ ਮੁਦਰਾ, ਸਵਾਭਿਮਾਨ ਅਤੇ ਆਵਾਸ ਯੋਜਨਾ ਨੂੰ ਲਾਗੂ ਕਰਨ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਬੈਂਕ ਆਫ ਬੜੌਦਾ ਦੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕੇਂਦਰ ਸਰਕਾਰ ਦੇ ਸਟੈਂਡ ਅੱਪ ਇੰਡੀਆ ਪ੍ਰੋਗਰਾਮ ਦੇ ਅਨੁਸਾਰ ਅਨੁਸੂਚਿਤ ਜਾਤੀ ਦੇ ਮੈਂਬਰਾਂ ਪ੍ਰਤੀ ਜ਼ਿੰਮੇਵਾਰੀਆਂ ਨੂੰ ਧਿਆਨ ਵਿਚ ਰੱਖਿਆ ਜਾਵੇ।
ਸਾਂਪਲਾ ਨੇ ਬੈਂਕ ਨੂੰ ਸਾਰੇ ਆਊਟਸੋਰਸਡ ਸਕੀਮ ਅਧੀਨ ਕੰਮ ਕਰਦੇ ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਲਈ ਘੱਟੋ-ਘੱਟ ਉਜਰਤਾਂ ਲਾਗੂ ਕਰਨਾ ਯਕੀਨੀ ਬਣਾਉਣ ਦੇ ਨਾਲ-ਨਾਲ ਅਨੁਸੂਚਿਤ ਜਾਤੀਆਂ ਦੇ ਲੋਕਾਂ ਲਈ ਕ੍ਰੈਡਿਟ ਇਨਹਾਂਸਮੈਂਟ ਗਾਰੰਟੀ ਸਕੀਮ ਜਾਂ ਅਜਿਹੀਆਂ ਹੋਰ ਸਕੀਮਾਂ ਅਧੀਨ ਅਰਜ਼ੀ ਦੇਣ ਵਾਲੇ ਹਰੇਕ ਯੋਗ ਅਨੁਸੂਚਿਤ ਜਾਤੀ ਦੇ ਵਿਅਕਤੀ ਨੂੰ ਲਾਭ ਪ੍ਰਦਾਨ ਕਰਨ ਲਈ ਵੀ ਕਿਹਾ।
ਇਸੇ ਲੜੀ ਦੇ ਅਧੀਨ ਕਮਿਸ਼ਨ ਦਾ ਵਫ਼ਦ ਵੀਰਵਾਰ ਨੂੰ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਦੇ ਅਧਿਕਾਰੀਆਂ ਨਾਲ ਅਤੇ ਸ਼ੁੱਕਰਵਾਰ ਨੂੰ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਕੇ ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਦੀ ਭਲਾਈ ਲਈ ਸੰਸਥਾਵਾਂ ਦੁਆਰਾ ਚੁੱਕੇ ਗਏ ਕਦਮਾਂ ਦੀ ਵੀ ਸਮੀਖਿਆ ਕਰੇਗਾ।