
ਬਾਲਾਸੋਰ ਸਥਿਤ ਕਾਲਜ ਦਾ ਪ੍ਰਿੰਸੀਪਲ ਮੁਅੱਤਲ, ਅਧਿਆਪਕ ਗ੍ਰਿਫਤਾਰ
ਬਾਲਾਸੋਰ : ਓਡੀਸ਼ਾ ਦੇ ਬਾਲਾਸੋਰ ਸਥਿਤ ਫਕੀਰ ਮੋਹਨ ਆਟੋਨੋਮਸ ਕਾਲਜ ’ਚ ਬੀ.ਐਡ. ਦੇ ਦੂਜੇ ਸਾਲ ਦੀ ਵਿਦਿਆਰਥਣ ਨੇ ਵਿਭਾਗ ਮੁਖੀ ਸਮੀਰਾ ਕੁਮਾਰ ਸਾਹੂ ਵਲੋਂ ਕਥਿਤ ਜਿਨਸੀ ਸ਼ੋਸ਼ਣ ਅਤੇ ਸੰਸਥਾਗਤ ਕਾਰਵਾਈ ਨਾ ਕਰਨ ਤੋਂ ਪਰੇਸ਼ਾਨ ਹੋ ਕੇ ਕੈਂਪਸ ’ਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਹ 90 ਫੀ ਸਦੀ ਝੁਲਸ ਗਈ ਹੈ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਇਕ ਸਾਥੀ ਵਿਦਿਆਰਥੀ ਵੀ ਜ਼ਖਮੀ ਹੋ ਗਿਆ।
ਸੂਬਾ ਸਰਕਾਰ ਨੇ ਤੁਰਤ ਕਾਰਵਾਈ ਕਰਦਿਆਂ ਪ੍ਰਿੰਸੀਪਲ ਦਿਲੀਪ ਕੁਮਾਰ ਘੋਸ਼ ਅਤੇ ਮੁਲਜ਼ਮ ਪ੍ਰੋਫੈਸਰ ਦੋਹਾਂ ਨੂੰ ਮੁਅੱਤਲ ਕਰ ਦਿੱਤਾ, ਜਦਕਿ ਪੁਲਿਸ ਨੇ ਸਾਹੂ ਨੂੰ ਗ੍ਰਿਫਤਾਰ ਕਰ ਲਿਆ ਅਤੇ ਫੋਰੈਂਸਿਕ ਜਾਂਚ ਸ਼ੁਰੂ ਕਰ ਦਿਤੀ। ਵਿਦਿਆਰਥਣ ਦੀ ਹਾਲਤ ਹੁਣ ਗੰਭੀਰ ਹੈ ਅਤੇ ਉਸ ਦਾ 12 ਮੈਂਬਰੀ ਮੈਡੀਕਲ ਟੀਮ ਦੇ ਅਧੀਨ ਏਮਜ਼ ਭੁਵਨੇਸ਼ਵਰ ’ਚ ਇਲਾਜ ਚੱਲ ਰਿਹਾ ਹੈ। ਇਸ ਘਟਨਾ ਨੇ ਵਿਆਪਕ ਰੋਸ ਪੈਦਾ ਕਰ ਦਿਤਾ ਹੈ, ਸਿਆਸੀ ਨੇਤਾਵਾਂ ਅਤੇ ਸਿਵਲ ਸੁਸਾਇਟੀ ਨੇ ਜਵਾਬਦੇਹੀ, ਨਿਆਂ ਅਤੇ ਪ੍ਰਣਾਲੀਗਤ ਸੁਧਾਰਾਂ ਦੀ ਮੰਗ ਕੀਤੀ ਹੈ।