ਅੱਜ ਸ਼ਾਮੀ ਹੀ ਟੀਵੀ ਬਹਿਸ਼ 'ਚ ਲਿਆ ਸੀ ਹਿੱਸਾ
ਨਵੀਂ ਦਿੱਲੀ : ਕਾਂਗਰਸ ਦੇ ਕੌਮੀ ਬੁਲਾਰੇ ਰਾਜੀਵ ਤਿਆਗੀ ਨਹੀਂ ਰਹੇ। ਅੱਜ ਉਨ੍ਹਾਂ ਦੀ ਅਚਾਨਕ ਵਿਗੜਣ ਬਾਅਦ ਉਨ੍ਹਾਂ ਨੂੰ ਗਾਜ਼ੀਆਬਾਦ ਦੇ ਇਕ ਹਸਪਤਾਲ 'ਚ ਦਾਖਲ਼ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਰਾਜੀਵ ਤਿਆਗੀ ਕਾਂਗਰਸ ਦੇ ਬਹੁਤ ਹੀ ਸੁਲਝੇ ਹੋਏ ਅਤੇ ਹਾਜ਼ਰ-ਜਵਾਬ ਬੁਲਾਰੇ ਸਨ ਜੋ ਅਕਸਰ ਹੀ ਟੀਵੀ ਚੈਨਲਾਂ 'ਚ ਹੁੰਦੀਆਂ ਬਹਿਸ਼ਾਂ 'ਚ ਹਿੱਸਾ ਲੈਂਦੇ ਸਨ।
ਖ਼ਬਰਾਂ ਮੁਤਾਬਕ ਉਹ ਸ਼ਾਮ ਤਕ ਬਿਲਕੁਲ ਠੀਕ ਠਾਕ ਸਨ। ਉਹ ਸ਼ਾਮੀ ਇਕ ਟੀਵੀ ਚੈਨਲ 'ਚ ਡਿਬੇਟ 'ਚ ਸ਼ਾਮਲ ਹੋਏ ਸਨ। ਇਸ ਸਬੰਧੀ ਉਨ੍ਹਾਂ ਨੇ ਖੁਦ ਟਵੀਟ ਜ਼ਰੀਏ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ਸ਼ਾਮ 5 ਵਜੇ ਇਸ ਟੀਵੀ ਚੈਨਲ 'ਚ ਬਹਿਸ਼ 'ਚ ਹਿੱਸਾ ਲੈਣਗੇ। ਉਹ ਸ਼ਾਮੀ ਡਿਬੇਟ 'ਚ ਸ਼ਾਮਲ ਵੀ ਹੋਏ ਸਨ।
ਸ਼ਾਮੀ ਘਰ ਅੰਦਰ ਹੀ ਰਾਜੀਵ ਤਿਆਗੀ ਦੀ ਅਚਾਨਕ ਸਿਹਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ। ਬੇਹੋਸ਼ੀ ਦੀ ਹਾਲਤ ਵਿਚ ਹੀ ਉਨ੍ਹਾਂ ਨੂੰ ਯਸ਼ੋਦਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ।
ਕਾਂਗਰਸ ਨੇ ਅਪਣੇ ਅਧਿਕਾਰਤ ਟਵੀਟਰ ਹੈਂਡਲ ਤੋਂ ਰਾਜੀਵ ਤਿਆਗੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਾਂਗਰਸ ਨੇ ਲਿਖਿਆ ਹੈ, ''ਰਾਜੀਵ ਤਿਆਗੀ ਦੀ ਅਚਾਨਕ ਮੌਤ ਨਾਲ ਸਾਨੂੰ ਬਹੁਤ ਵੱਡਾ ਦੁੱਖ ਪਹੁੰਚਿਆ ਹੈ। ਉਹ ਵੱਡੇ ਕਾਂਗਰਸੀ ਅਤੇ ਦੇਸ਼ ਭਗਤ ਸਨ। ਇਸ ਦੁੱਖ ਦੀ ਘੜੀ ਅਸੀਂ ਪਰਵਾਰ ਦੇ ਦੁੱਖ 'ਚ ਸ਼ਾਮਲ ਹਾਂ।
ਜਿਉਂ ਹੀ ਰਾਜੀਵ ਤਿਆਗੀ ਦੀ ਖ਼ਬਰ ਫ਼ੈਲੀ, ਸਾਰੇ ਪਾਸੇ ਸੋਗ ਦਾ ਮਾਹੌਲ ਬਣ ਗਿਆ। ਖ਼ਾਸ ਕਰ ਕੇ ਦੇਸ਼ ਦੇ ਸਿਆਸੀ ਗਲਿਆਰਿਆਂ ਅੰਦਰ ਸੋਗ ਦੀ ਲਹਿਰ ਹੈ। ਉਨ੍ਹਾਂ ਨਾਲ ਆਖ਼ਰੀ ਬਹਿਸ਼ 'ਚ ਸ਼ਾਮਲ ਹੋਏ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਵੀ ਰਾਜੀਵ ਤਿਆਗੀ ਦੀ ਅਚਾਨਕ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।