
''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਂਗਰਸ ਦੀ ਆਲੋਚਨਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ''
Kharge Labels BJP 'Party of Terrorists' : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਨਿਚਰਵਾਰ ਨੂੰ ਇਹ ਦੋਸ਼ ਲਗਾ ਕੇ ਨਵਾਂ ਵਿਵਾਦ ਪੈਦਾ ਕਰ ਦਿਤਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤਿਵਾਦੀਆਂ ਦੀ ਪਾਰਟੀ ਹੈ ਅਤੇ ਇਸ ਦੇ ਆਗੂ ਭੀੜ ਵਲੋਂ ਕਤਲ ’ਚ ਸ਼ਾਮਲ ਹਨ, ਆਦਿਵਾਸੀਆਂ ਨਾਲ ਜਬਰ ਜਨਾਹ ਕਰਦੇ ਹਨ ਅਤੇ ਅਨੁਸੂਚਿਤ ਜਾਤੀਆਂ ’ਤੇ ਪਿਸ਼ਾਬ ਕਰਦੇ ਹਨ।
ਉਨ੍ਹਾਂ ਨੇ ਇਹ ਟਿਪਣੀ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਟਿਪਣੀ ’ਤੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕੀਤੀ ਕਿ ਕਾਂਗਰਸ ਸ਼ਹਿਰੀ ਨਕਸਲੀ ਗਿਰੋਹ ਦਾ ਸਮਰਥਨ ਕਰਦੀ ਹੈ।
ਖੜਗੇ ਨੇ ਕਿਹਾ, ‘‘ਉਹ (ਭਾਜਪਾ) ਹਮੇਸ਼ਾ ਅਜਿਹਾ ਕਰਦੇ ਹਨ। ਉਹ ਇੰਨੇ ਦਿਨਾਂ ਤਕ ਚੁੱਪ ਰਹੇ ਅਤੇ ਜਦੋਂ ਉਨ੍ਹਾਂ ’ਚ (ਹਰਿਆਣਾ ਚੋਣਾਂ ’ਚ ਜਿੱਤ ਤੋਂ ਬਾਅਦ) ਕੁੱਝ ਜਾਨ ਪਈ ਹੈ ਤਾਂ ਉਹ ਇਸ ’ਤੇ ਵਾਪਸ ਉਹੀ ਕੁੱਝ ਬੋਲ ਰਹੇ ਹਨ। ਉਹ ਸ਼ਹਿਰੀ ਨਕਸਲੀਆਂ ਦੀ ਗੱਲ ਕਰ ਰਹੇ ਹਨ, ਬੁੱਧੀਜੀਵੀਆਂ ਨੂੰ ਸ਼ਹਿਰੀ ਨਕਸਲੀ ਕਹਿ ਰਹੇ ਹਨ। ਦੋਸ਼ ਲਗਾਉਣਾ ਉਨ੍ਹਾਂ ਦੀ ਆਦਤ ਬਣ ਗਈ ਹੈ।’’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਂਗਰਸ ਦੀ ਆਲੋਚਨਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਭਾਜਪਾ ਸ਼ਾਸਿਤ ਸੂਬਿਆਂ ’ਚ ਅਨੁਸੂਚਿਤ ਜਾਤੀਆਂ ਨਾਲ ਜਬਰ ਜਨਾਹ ਹੋ ਰਿਹਾ ਹੈ।
ਹਰਿਆਣਾ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਬਾਰੇ ਖੜਗੇ ਨੇ ਕਿਹਾ, ‘‘ਅਸੀਂ ਇਸ ’ਤੇ ਆਤਮ-ਨਿਰੀਖਣ ਕਰ ਰਹੇ ਹਾਂ ਅਤੇ ਪਾਰਟੀ ਤੋਂ ਰੀਪੋਰਟ ਮਿਲਣ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿ ਕੀ ਹੋਇਆ ਸੀ। ਪੂਰਾ ਦੇਸ਼ ਦਾਅਵਾ ਕਰ ਰਿਹਾ ਸੀ ਕਿ ਹਰਿਆਣਾ ’ਚ ਕਾਂਗਰਸ ਦੀ ਜਿੱਤ ਹੋਵੇਗੀ। ਇੱਥੋਂ ਤਕ ਕਿ ਭਾਜਪਾ ਨੇਤਾਵਾਂ ਨੇ ਵੀ ਦਾਅਵਾ ਕੀਤਾ ਕਿ ਉਹ ਵਾਪਸ ਨਹੀਂ ਆਉਣਗੇ।’’ ਉਨ੍ਹਾਂ ਕਿਹਾ ਕਿ ਐਗਜ਼ਿਟ ਪੋਲ ਨੇ ਵੀ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ।
ਉਨ੍ਹਾਂ ਕਿਹਾ, ‘‘ਇੰਡੀਆ ਗੱਠਜੋੜ ਨੇ ਜੰਮੂ-ਕਸ਼ਮੀਰ ’ਚ ਲੜਾਈ ਲੜੀ। ਹਰਿਆਣਾ ’ਚ ਅਜਿਹਾ ਕੋਈ ਗਠਜੋੜ ਨਹੀਂ ਹੈ। ਜਦੋਂ ਤੁਸੀਂ ਜਿੱਤਦੇ ਹੋ ਤਾਂ ਸਿਹਰਾ ਲੈਣ ਲਈ ਕਈ ਆ ਜਾਣਗੇ। ਪਰ ਜੇ ਤੁਸੀਂ ਹਾਰ ਜਾਂਦੇ ਹੋ, ਤਾਂ ਬਹੁਤ ਸਾਰੇ ਤੁਹਾਡੀ ਆਲੋਚਨਾ ਕਰਨਗੇ। ਅਸੀਂ ਇਕਜੁੱਟ ਹੋ ਕੇ ਸਥਿਤੀ ਨਾਲ ਨਜਿੱਠਾਂਗੇ।’’
ਬੰਗਲਾਦੇਸ਼ ’ਚ ਹਿੰਦੂਆਂ ’ਤੇ ਅੱਤਿਆਚਾਰ ’ਤੇ ਖੜਗੇ ਨੇ ਕਿਹਾ ਕਿ ਬੰਗਲਾਦੇਸ਼ ਸਰਕਾਰ ਨੂੰ ਘੱਟ ਗਿਣਤੀਆਂ ਦੀ ਰੱਖਿਆ ਕਰਨੀ ਚਾਹੀਦੀ ਹੈ, ਚਾਹੇ ਉਹ ਹਿੰਦੂ ਹੋਣ ਜਾਂ ਸਿੱਖ। ਉਨ੍ਹਾਂ ਕਿਹਾ, ‘‘ਇਹ ਉਨ੍ਹਾਂ ਦਾ ਫਰਜ਼ ਹੈ। ਜੇਕਰ ਉਹ ਇਸ ਨੂੰ ਯਕੀਨੀ ਨਹੀਂ ਬਣਾ ਰਹੇ ਤਾਂ ਇਹ ਸਾਡੇ ਗੁਆਂਢੀ ਦੇਸ਼ਾਂ ਲਈ ਚੰਗਾ ਨਹੀਂ ਹੋਵੇਗਾ।’’ ਪਿਛਲੇ ਹਫਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਸ਼ਹਿਰੀ ਨਕਸਲੀਆਂ ਨੇ ਕਾਂਗਰਸ ’ਤੇ ਕਬਜ਼ਾ ਕਰ ਲਿਆ ਹੈ।