
ਫਰਵਰੀ ਵਿੱਚ ਕਾਂਗਰਸ ਛੱਡ ਕੇ ਐਨਸੀਪੀ ਵਿੱਚ ਹੋਏ ਸੀ ਸ਼ਾਮਲ
NCP leader Baba Siddique dies : ਮੁੰਬਈ 'ਚ NCP ਅਜੀਤ ਪਵਾਰ ਧੜੇ ਦੇ ਆਗੂ ਅਤੇ ਮਹਾਰਾਸ਼ਟਰ ਸਰਕਾਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਬਾਂਦਰਾ ਦੇ ਖੇਰ ਵਾੜੀ ਸਿਗਨਲ ਨੇੜੇ ਉਸ ਦੇ ਬੇਟੇ ਦੇ ਦਫਤਰ ਬਾਹਰ ਸਿੱਦੀਕੀ 'ਤੇ 2 ਤੋਂ 3 ਰਾਊਂਡ ਫਾਇਰ ਕੀਤੇ ਗਏ। ਉਨ੍ਹਾਂ ਨੂੰ ਤੁਰੰਤ ਲੀਲਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਬਾਬਾ ਸਿੱਦੀਕੀ ਨੇ ਦਮ ਤੋੜ ਦਿੱਤਾ।
ਜਾਣਕਾਰੀ ਅਨੁਸਾਰ ਬਾਬਾ ਸਿੱਦੀਕੀ ਰਾਤ 9.15 ਵਜੇ ਦੇ ਦਰਮਿਆਨ ਦਫ਼ਤਰ ਤੋਂ ਨਿਕਲੇ ਸਨ। ਜਦੋਂ ਗੋਲੀਬਾਰੀ ਹੋਈ ਤਾਂ ਉਹ ਆਪਣੇ ਦਫ਼ਤਰ ਨੇੜੇ ਪਟਾਕੇ ਚਲਾ ਰਹੇ ਸੀ। ਉਦੋਂ ਹੀ ਇੱਕ ਕਾਰ ਵਿੱਚੋਂ ਤਿੰਨ ਵਿਅਕਤੀ ਉਤਰੇ। ਤਿੰਨਾਂ ਨੇ ਮੂੰਹ 'ਤੇ ਰੁਮਾਲ ਬੰਨ੍ਹੇ ਹੋਏ ਸਨ। ਉਨ੍ਹਾਂ ਨੇ ਬਾਬਾ ਸਿੱਦੀਕੀ 'ਤੇ ਤਿੰਨ ਰਾਉਂਡ ਫਾਇਰ ਕੀਤੇ।
ਇੱਕ ਗੋਲੀ ਬਾਬਾ ਸਿੱਦੀਕੀ ਦੇ ਸਾਥੀ ਦੀ ਲੱਤ ਵਿੱਚ ਗੋਲੀ ਲੱਗੀ। ਇਸ ਤੋਂ ਬਾਅਦ ਦੂਜੀ ਗੋਲੀ ਸਿੱਦੀਕੀ ਨੂੰ ਲੱਗੀ। ਗੋਲੀ ਲੱਗਣ ਕਾਰਨ ਬਾਬਾ ਸਿੱਦੀਕੀ ਡਿੱਗ ਪਿਆ। ਲੋਕਾਂ ਨੇ ਉਨ੍ਹਾਂ ਨੂੰ ਤੁਰੰਤ ਲੀਲਾਵਤੀ ਹਸਪਤਾਲ ਪਹੁੰਚਾਇਆ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਇਹ ਵੀ ਖ਼ਬਰ ਹੈ ਕਿ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਇਸ ਸਾਲ ਫਰਵਰੀ 'ਚ ਕਾਂਗਰਸ ਛੱਡ ਕੇ NCP 'ਚ ਹੋਏ ਸੀ ਸ਼ਾਮਿਲ
ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਨੇ ਇਸ ਸਾਲ 8 ਫਰਵਰੀ ਨੂੰ ਕਾਂਗਰਸ ਛੱਡੀ ਸੀ। ਦੋ ਦਿਨ ਬਾਅਦ 10 ਫਰਵਰੀ ਨੂੰ ਅਜੀਤ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ (NCP) ਵਿੱਚ ਸ਼ਾਮਲ ਹੋ ਗਏ ਸਨ। ਸਿੱਦੀਕੀ ਨੇ ਮੁੰਬਈ ਵਿੱਚ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਐਨਸੀਪੀ ਦੇ ਕਾਰਜਕਾਰੀ ਪ੍ਰਧਾਨ ਪ੍ਰਫੁੱਲ ਪਟੇਲ ਅਤੇ ਹੋਰ ਨੇਤਾਵਾਂ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ ਸਨ।