
ਆਸ ਮੁਤਾਬਿਕ ਗਹਿਣੇ ਤੇ ਨਕਦੀ ਨਾ ਮਿਲਣ ਤੋਂ ਗੁੱਸੇ ਵਿੱਚ ਆਏ ਚੋਰ, ਪਤੀ ਦੀਆਂ ਅੱਖਾਂ ਸਾਹਮਣੇ ਪਤਨੀ ਨਾਲ ਕੀਤਾ ਸਮੂਹਿਕ ਬਲਾਤਕਾਰ
ਜੈਪੁਰ - ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ਵਿੱਚ ਇੱਕ 45 ਸਾਲਾ ਔਰਤ ਨਾਲ ਚਾਰ ਵਿਅਕਤੀਆਂ ਵੱਲੋਂ ਉਸ ਦੇ ਪਤੀ ਦੇ ਸਾਹਮਣੇ ਕਥਿਤ ਤੌਰ ’ਤੇ ਸਮੂਹਿਕ ਬਲਾਤਕਾਰ ਕੀਤੇ ਜਾਣ ਦੀ ਖ਼ਬਰ ਆਈ ਹੈ। ਪਤਾ ਲੱਗਿਆ ਹੈ ਕਿ ਚਾਰ ਲੋਕ ਚੋਰੀ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ ਅਤੇ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ। ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਦੇ ਦੱਸਣ ਮੁਤਾਬਿਕ ਇਹ ਘਟਨਾ ਬੁੱਧਵਾਰ ਦੀ ਹੈ, ਪਰ ਸਦਮੇ ਕਾਰਨ ਜੋੜਾ ਵੀਰਵਾਰ ਨੂੰ ਘਰ ਤੋਂ ਬਾਹਰ ਨਹੀਂ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਜਾਣ ਦਾ ਫ਼ੈਸਲਾ ਕੀਤਾ ਅਤੇ ਸ਼ੁੱਕਰਵਾਰ ਨੂੰ ਸਥਾਨਕ ਪੁਲਿਸ ਸਟੇਸ਼ਨ ਪਹੁੰਚ ਕੇ ਮਾਮਲਾ ਦਰਜ ਕਰਵਾਇਆ। ਕਾਰਵਾਈ ਕਰਦੇ ਹੋਏ ਪੁਲਿਸ ਨੇ ਸ਼ਨੀਵਾਰ ਨੂੰ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਚੌਥੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
ਪਿੰਡਵਾੜਾ ਦੇ ਉਪ-ਪੁਲੀਸ ਕਪਤਾਨ ਜੇਠੂ ਸਿੰਘ ਨੇ ਦੱਸਿਆ ਕਿ ਔਰਤ ਦਾ ਪਤੀ ਚੌਕੀਦਾਰ ਦਾ ਕੰਮ ਕਰਦਾ ਹੈ। ਬੁੱਧਵਾਰ ਦੀ ਰਾਤ ਜਦੋਂ ਦੋਵੇਂ ਸੌਣ ਦੀ ਤਿਆਰੀ ਕਰ ਰਹੇ ਸਨ ਤਾਂ ਚਾਰ ਵਿਅਕਤੀ ਜ਼ਬਰਦਸਤੀ ਉਨ੍ਹਾਂ ਦੇ ਘਰ 'ਚ ਦਾਖਲ ਹੋਏ ਅਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ।
ਅਧਿਕਾਰੀ ਦੇ ਅਨੁਸਾਰ, "ਉਨ੍ਹਾਂ ਨੇ ਪਤੀ ਦੇ ਕੱਪੜੇ ਉਤਰਵਾ ਦਿੱਤੇ ਅਤੇ ਉਸ ਦੀ ਜੇਬ ਵਿੱਚੋਂ 1,400 ਰੁਪਏ ਕੱਢ ਲਏ। ਚੋਰਾਂ ਨੇ ਘਰ ਵਿੱਚ ਨਕਦੀ ਤੇ ਹੋਰ ਕੀਮਤੀ ਸਮਾਨ ਬਾਰੇ ਪੁੱਛਗਿੱਛ ਕੀਤੀ ਪਰ ਜੋੜੇ ਕੋਲ ਕੁਝ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਕੁਝ ਨਹੀਂ ਸੀ। ਜਦੋਂ ਉਨ੍ਹਾਂ ਨੂੰ ਇਸ ਤੋਂ ਵੱਧ ਕੁਝ ਨਾ ਮਿਲਿਆ ਤਾਂ ਉਨ੍ਹਾਂ ਨੇ ਵਾਰੀ-ਵਾਰੀ ਔਰਤ ਦੇ ਪਤੀ ਦੇ ਸਾਹਮਣੇ ਉਸ ਨਾਲ ਬਲਾਤਕਾਰ ਕੀਤਾ।
ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਚੌਥੇ ਮੁਲਜ਼ਮ ਨੂੰ ਫ਼ੜਨ ਲਈ ਛਾਪੇਮਾਰੀ ਜਾਰੀ ਹੈ।