
ਵ੍ਹਟਸਐਪ ਨੰਬਰ ਜਾਰੀ ਕਰ ਮੰਗੀ ਲੋਕਾਂ ਦੀ ਰਾਇ
ਨਵੀਂ ਦਿੱਲੀ : ਦਿੱਲੀ ਦੇ CM ਕੇਜਰੀਵਾਲ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਯੋਗਾ ਕਲਾਸਾਂ 'ਤੇ ਪਾਬੰਦੀ ਲਗਾਈ ਹੈ, ਉਨ੍ਹਾਂ ਨੂੰ ਪਾਪ ਲੱਗੇਗਾ। ਦਿੱਲੀ ਵਿੱਚ ਯੋਗਾ ਕਲਾਸਾਂ ਬੰਦ ਨਹੀਂ ਹੋਣਗੀਆਂ। ਇਸ ਦੇ ਲਈ ਉਹ ਕਿਤਿਉਂ ਵੀ ਪੈਸੇ ਲੈ ਕੇ ਆਉਣਗੇ। LG ਨੇ ਦਿੱਲੀ ਦੇ 17 ਹਜ਼ਾਰ ਲੋਕਾਂ ਨੂੰ ਯੋਗਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਯੋਗਾ ਅਧਿਆਪਕ ਨੂੰ ਤਨਖਾਹ ਨਹੀਂ ਦਿੱਤੀ ਜਾਵੇਗੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਭਾਜਪਾ ਨੇ ਦਿੱਲੀ 'ਚ ਯੋਗ ਕਲਾਸਾਂ ਬੰਦ ਕਰ ਦਿੱਤੀਆਂ ਸਨ ਪਰ ਦਿੱਲੀ ਦੇ ਲੋਕਾਂ ਨੇ ਬੰਦ ਨਹੀਂ ਹੋਣ ਦਿੱਤੀਆਂ। ਦਿੱਲੀ ਵਾਸੀ ਮਿਲ ਕੇ ਯੋਗਾ ਅਧਿਆਪਕਾਂ ਦੀਆਂ ਤਨਖ਼ਾਹਾਂ ਦੇਣ ਲਈ ਤਿਆਰ ਹਨ। 72779 72779 'ਤੇ ਵ੍ਹਟਸਐਪ ਕਰ ਕੇ ਦੱਸੋ ਕਿ ਤੁਸੀਂ ਕਿੰਨੇ ਅਧਿਆਪਕਾਂ ਲਈ ਤਨਖ਼ਾਹ ਮੁਹੱਈਆ ਕਰਵਾ ਸਕਦੇ ਹੋ।
ਇਸ ਦੇ ਨਾਲ ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਵਲੋਂ ਦਿਤੇ ਜਾਣ ਵਾਲੇ ਪੈਸੇ (ਚੈੱਕ) ਸਿੱਧਾ ਹੀ ਅਧਿਆਪਕਾਂ ਦੇ ਖਾਤਿਆਂ ਵਿਚ ਜਾਣਗੇ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਵਾਲੇ ਹਮੇਸ਼ਾ ਮੈਨੂੰ ਗਾਲ੍ਹਾਂ ਕੱਢਦੇ ਰਹਿੰਦੇ ਹਨ। ਜੇਕਰ ਮੈਂ ਕੁਝ ਗਲਤ ਕੀਤਾ ਹੈ ਤਾਂ ਮੈਨੂੰ ਜੇਲ੍ਹ 'ਚ ਡੱਕ ਦਿਓ, ਪਰ ਭਾਜਪਾ ਵਾਲੇ ਦੱਸਣ ਕਿ ਉਨ੍ਹਾਂ ਨੇ 15 ਸਾਲਾਂ 'ਚ ਕੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਨਫਰਤ ਦੀ ਰਾਜਨੀਤੀ ਬੰਦ ਕਰਨੀ ਪਵੇਗੀ।