ਤੀਜੇ ਪੜਾਅ ਤਹਿਤ ਦਿੱਲੀ ਅਤੇ ਇਸ ਦੇ ਨਾਲ ਲਗਦੇ ਐਨ.ਸੀ.ਆਰ. ਜ਼ਿਲ੍ਹਿਆਂ ਵਿਚ ਬੀ.ਐਸ.-3 ਪਟਰੌਲ ਅਤੇ ਬੀ.ਐਸ.-4 ਡੀਜ਼ਲ ਕਾਰਾਂ (ਚਾਰ ਪਹੀਆ ਵਾਹਨ) ਦੀ ਵਰਤੋਂ ਉਤੇ ਪਾਬੰਦੀ ਲਗਾਈ ਗਈ ਹੈ।
ਨਵੀਂ ਦਿੱਲੀ : ਕੌਮੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ’ਚ ਖਿਸਕ ਜਾਣ ਤੋਂ ਬਾਅਦ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਦਿੱਲੀ-ਐਨ.ਸੀ.ਆਰ. ਵਿਚ ਕ੍ਰਮਿਕ ਪ੍ਰਤੀਕਿਰਿਆ ਕਾਰਵਾਈ ਯੋਜਨਾ (ਜੀ.ਆਰ.ਏ.ਪੀ., ਗਰੈਪ) ਦੇ ਤੀਸਰੇ ਪੜਾਅ ਦੇ ਤਹਿਤ ਪਾਬੰਦੀਆਂ ਲਾਗੂ ਕਰ ਦਿਤੀਆਂ ਹਨ। ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀ.ਏ.ਕਿਊ.ਐੱਮ.) ਨੇ ਕਿਹਾ ਕਿ ਇਹ ਫੈਸਲਾ ਮੰਗਲਵਾਰ ਸਵੇਰੇ ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) ਸੋਮਵਾਰ ਨੂੰ 362 ਤੋਂ ਵਧ ਕੇ 425 ਹੋਣ ਤੋਂ ਬਾਅਦ ਲਿਆ ਗਿਆ।
ਇਹ ਇਸ ਮੌਸਮ ਲਈ ਹਵਾ ਦੀ ਗੁਣਵੱਤਾ ਦਾ ਸੱਭ ਤੋਂ ਖਰਾਬ ਪੱਧਰ ਹੈ। ਹੌਲੀ ਹਵਾਵਾਂ, ਸਥਿਤ ਵਾਤਾਵਰਣ ਅਤੇ ਮਾੜੇ ਮੌਸਮ ਦੇ ਕਾਰਨ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਗੜ ਗਈ, ਜਿਸ ਕਾਰਨ ਪ੍ਰਦੂਸ਼ਕ ਜ਼ਮੀਨ ਦੇ ਨੇੜੇ ਇਕੱਠੇ ਹੋ ਗਏ। ਤੀਜੇ ਪੜਾਅ ਦੀਆਂ ਪਾਬੰਦੀਆਂ ਵਿਚ ਗ਼ੈਰ-ਜ਼ਰੂਰੀ ਨਿਰਮਾਣ ਕਾਰਜਾਂ ਉਤੇ ਪਾਬੰਦੀ ਅਤੇ ਪੱਥਰ ਤੋੜਨ ਵਾਲੀਆਂ ਮਸ਼ੀਨਾਂ ਅਤੇ ਖਣਨ ਗਤੀਵਿਧੀਆਂ ਉਤੇ ਪਾਬੰਦੀ ਸ਼ਾਮਲ ਹੈ। ਇਹ ਜੀ.ਆਰ.ਏ.ਪੀ. ਦੇ ਪੜਾਅ ਇਕ ਅਤੇ ਪੜਾਅ 2 ਦੇ ਤਹਿਤ ਕੀਤੇ ਗਏ ਉਪਾਵਾਂ ਤੋਂ ਇਲਾਵਾ ਹੈ। ਤੀਜੇ ਪੜਾਅ ਦੇ ਤਹਿਤ ਪੰਜਵੀਂ ਤਕ ਦੀਆਂ ਜਮਾਤਾਂ ਹਾਈਬਿ੍ਰਡ ਤਰੀਕੇ ਨਾਲ ਲਗਾਈਆਂ ਜਾਣਗੀਆਂ। ਮਾਪਿਆਂ ਅਤੇ ਵਿਦਿਆਰਥੀਆਂ ਕੋਲ ਜਿੱਥੇ ਵੀ ਉਪਲਬਧ ਹੋਵੇ ਆਨਲਾਈਨ ਜਮਾਤਾਂ ਦੀ ਚੋਣ ਕਰਨ ਦਾ ਬਦਲ ਹੈ।
ਤੀਜੇ ਪੜਾਅ ਤਹਿਤ ਦਿੱਲੀ ਅਤੇ ਇਸ ਦੇ ਨਾਲ ਲਗਦੇ ਐਨ.ਸੀ.ਆਰ. ਜ਼ਿਲ੍ਹਿਆਂ ਵਿਚ ਬੀ.ਐਸ.-3 ਪਟਰੌਲ ਅਤੇ ਬੀ.ਐਸ.-4 ਡੀਜ਼ਲ ਕਾਰਾਂ (ਚਾਰ ਪਹੀਆ ਵਾਹਨ) ਦੀ ਵਰਤੋਂ ਉਤੇ ਪਾਬੰਦੀ ਲਗਾਈ ਗਈ ਹੈ। ਦਿੱਗਿਆਂਗਜਨਾਂ ਨੂੰ ਇਸ ਤੋਂ ਛੋਟ ਦਿਤੀ ਗਈ ਹੈ। ਦੀਵਾਲੀ ਤੋਂ ਬਾਅਦ, ਕੌਮੀ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਲਗਾਤਾਰ ‘ਖਰਾਬ’ ਜਾਂ ‘ਬਹੁਤ ਖਰਾਬ’ ਸ਼੍ਰੇਣੀ ਵਿਚ ਰਹੀ ਹੈ ਅਤੇ ਕਈ ਵਾਰ ‘ਗੰਭੀਰ’ ਸ਼੍ਰੇਣੀ ਵਿਚ ਵੀ ਦਰਜ ਕੀਤੀ ਗਈ ਹੈ। ਪਿਛਲੇ ਹਫ਼ਤੇ ਤੋਂ ਸ਼ਹਿਰ ਦਾ ਤਾਪਮਾਨ ਵੀ ਘਟਦਾ ਜਾ ਰਿਹਾ ਹੈ। (ਪੀਟੀਆਈ)
ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੇ ਔਸਤ ਤੋਂ 4.1 ਡਿਗਰੀ ਘੱਟ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਦਿੱਲੀ ਵਿਚ ਠੰਡ ਪੈਣ ਤੋਂ ਬਾਅਦ ਮੌਸਮ ਦੀ ਪਹਿਲੀ ਠੰਡ ਲਹਿਰ ਦਰਜ ਕੀਤੀ ਗਈ ਅਤੇ ਆਯਾ ਨਗਰ ਸਟੇਸ਼ਨ ਉਤੇ ਤਾਪਮਾਨ 9.9 ਡਿਗਰੀ ਸੈਲਸੀਅਸ ਰਿਹਾ।
