
ਸਹੁੰ ਚੁੱਕ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਸੀਨੀਅਰ ਆਗੂ ਵੀ ਰਹੇ ਮੌਜੂਦ
ਅਹਿਮਦਾਬਾਦ: ਭਾਰਤੀ ਜਨਤਾ ਪਾਰਟੀ ਦੇ ਨੇਤਾ ਭੁਪੇਂਦਰ ਪਟੇਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਗਾਂਧੀਨਗਰ ’ਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਗੁਜਰਾਤ ਦੇ ਮੁੱਖ ਮੰਤਰੀ ਵਜੋਂ ਪਟੇਲ ਦਾ ਇਹ ਲਗਾਤਾਰ ਦੂਜਾ ਕਾਰਜਕਾਲ ਹੈ। ਪਟੇਲ ਨੂੰ ਸੂਬੇ ਦੇ 18ਵੇਂ ਮੁੱਖ ਮੰਤਰੀ ਵਜੋਂ ਰਾਜਪਾਲ ਆਚਾਰੀਆ ਦੇਵਵਰਤ ਨੇ ਨਵੇਂ ਸਕੱਤਰੇਤ ਨੇੜੇ ਹੈਲੀਪੈਡ ਮੈਦਾਨ ਵਿਚ ਆਯੋਜਿਤ ਸਮਾਰੋਹ ਦੌਰਾਨ ਸਹੁੰ ਚੁਕਾਈ।
ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੁਪੇਂਦਰ ਪਟੇਲ ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਉਹਨਾਂ ਦੀ ਅਗਵਾਈ ਵਾਲੀ ਮੰਤਰੀ ਮੰਡਲ ਸੂਬੇ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਵੇਗੀ। ਪਟੇਲ ਦੇ ਨਾਲ-ਨਾਲ 16 ਹੋਰ ਨੇਤਾਵਾਂ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। ਇਹਨਾਂ ਵਿਚੋਂ ਅੱਠ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਸਹੁੰ ਚੁੱਕ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਕਈ ਸੀਨੀਅਰ ਆਗੂ ਵੀ ਮੌਜੂਦ ਰਹੇ।
ਗੁਜਰਾਤ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ 182 'ਚੋਂ ਰਿਕਾਰਡ 156 ਸੀਟਾਂ ਜਿੱਤੀਆਂ ਹਨ। ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਇਹ ਲਗਾਤਾਰ ਸੱਤਵੀਂ ਜਿੱਤ ਹੈ। ਕਾਂਗਰਸ ਨੇ 17 ਅਤੇ ਆਮ ਆਦਮੀ ਪਾਰਟੀ (ਆਪ) ਨੇ 5 ਸੀਟਾਂ ਜਿੱਤੀਆਂ ਹਨ। ਭੁਪੇਂਦਰ ਪਟੇਲ (60) ਨੇ ਸੂਬੇ 'ਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਕਰਨ ਲਈ ਸ਼ੁੱਕਰਵਾਰ ਨੂੰ ਆਪਣੀ ਪੂਰੀ ਕੈਬਨਿਟ ਸਮੇਤ ਅਸਤੀਫਾ ਦੇ ਦਿੱਤਾ ਸੀ।
ਉਹਨਾਂ ਨੂੰ ਸ਼ਨੀਵਾਰ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਪਟੇਲ ਨੇ ਘਾਟਲੋਡੀਆ ਸੀਟ 'ਤੇ ਆਪਣੇ ਵਿਰੋਧੀ ਨੂੰ 1.92 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ। ਵਿਜੇ ਰੂਪਾਨੀ ਦੇ ਅਸਤੀਫੇ ਤੋਂ ਬਾਅਦ ਪਿਛਲੇ ਸਾਲ ਸਤੰਬਰ ਵਿਚ ਪਟੇਲ ਨੂੰ ਗੁਜਰਾਤ ਦੀ ਵਾਗਡੋਰ ਮਿਲੀ ਸੀ।