
ਸ਼ਿਵਸੈਨਾ ਨੇ ਸੀ.ਬੀ.ਆਈ. ਡਾਇਰੈਕਟਰ ਦੇ ਤੌਰ 'ਤੇ ਬਹਾਲ ਕੀਤੇ ਗਏ ਅਲੋਕ ਵਰਮਾ ਨੂੰ ਅਹੁਦੇ ਤੋਂ ਹਟਾਏ ਜਾਣ ਦੇ ਫ਼ੈਸਲੇ ਨੂੰ ਮੋਦੀ ਸਰਕਾਰ ਦੀ ਜਲਦਬਾਜ਼ੀ ਵਿਚ ਲਿਆ ਗਿਆ.....
ਮੁੰਬਈ : ਸ਼ਿਵਸੈਨਾ ਨੇ ਸੀ.ਬੀ.ਆਈ. ਡਾਇਰੈਕਟਰ ਦੇ ਤੌਰ 'ਤੇ ਬਹਾਲ ਕੀਤੇ ਗਏ ਅਲੋਕ ਵਰਮਾ ਨੂੰ ਅਹੁਦੇ ਤੋਂ ਹਟਾਏ ਜਾਣ ਦੇ ਫ਼ੈਸਲੇ ਨੂੰ ਮੋਦੀ ਸਰਕਾਰ ਦੀ ਜਲਦਬਾਜ਼ੀ ਵਿਚ ਲਿਆ ਗਿਆ ਫ਼ੈਸਲਾ ਕਰਾਰ ਦਿਤਾ। ਪਾਰਟੀ ਦੇ ਅਖ਼ਬਾਰ 'ਸਾਮਨਾ' ਦੀ ਇਕ ਸੰਪਾਦਕੀ ਵਿਚ ਸ਼ਿਵਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾਂ ਬਣਾਉਂਦਿਆਂ ਕਿਹਾ ਕਿ ਸਰਕਾਰ ਨੇ ਵਰਮਾ ਨੂੰ ਅਪਣਾ ਬਚਾਅ ਕਰਨ ਦਾ ਮੌਕਾ ਨਾ ਦੇ ਕੇ 'ਗ਼ਲਤ ਰਿਵਾਇਤ' ਸ਼ੁਰੂ ਕੀਤੀ ਹੈ।
ਪ੍ਰਧਾਨ ਮੰਤਰੀ ਦੀ ਅਗਵਾਈ 'ਚ ਇਕ ਉੱਚ ਪੱਧਰੀ ਕਮੇਟੀ ਵਲੋਂ ਸੀ.ਬੀ.ਆਈ. ਮੁਖੀ ਦੇ ਅਹੁਦੇ ਤੋਂ ਤਬਦੀਲ ਕਰ ਕੇ ਫ਼ਾਇਰ ਬ੍ਰਿਗੇਡ, ਸਿਵਲ ਡਿਫ਼ੈਂਸ ਅਤੇ ਹੋਮ ਗਾਰਡ ਦਾ ਡਾਇਰੈਕਟਰ ਜਨਰਲ ਬਣਾਏ ਜਾਣ ਦੇ ਇਕ ਦਿਨ ਬਾਅਦ ਹੀ ਵਰਮਾ ਨੇ ਅਸਤੀਫ਼ਾ ਦੇ ਦਿਤਾ ਸੀ। ਸੁਪਰੀਮ ਕੋਰਟ ਵਲੋਂ ਵਰਮਾ ਨੂੰ ਅੱਠ ਜਨਵਰੀ ਨੂੰ ਬਤੌਰ ਸੀ.ਬੀ.ਆਈ. ਡਾਇਰੈਕਟਰ ਬਹਾਲ ਕਰ ਦਿਤਾ ਸੀ।
ਭ੍ਰਿਸ਼ਟਾਚਾਰ ਦੋਸ਼ਾਂ ਦੇ ਚਲਦੇ ਕਰੀਬ ਤਿੰਨ ਮਹੀਨੇ ਪਹਿਲਾਂ ਉਨ੍ਹਾਂ ਤੋਂ ਅਤੇ ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾਂ ਤੋਂ ਸਰਕਾਰ ਨੇ ਉਨ੍ਹਾਂ ਦੀਆਂ ਸ਼ਕਤੀਆਂ ਵਾਪਸ ਲੈ ਕੇ ਲੰਮੀ ਛੁੱਟੀ 'ਤੇ ਭੇਜ ਦਿਤਾ ਸੀ। ਰਾਫ਼ੇਲ ਸੌਦੇ 'ਤੇ ਮੋਦੀ ਨੂੰ ਨਿਸ਼ਾਨਾਂ ਬਣਾਉਂਦਿਆਂ ਸ਼ਿਵਸੈਨਾ ਨੇ ਕਿਹਾ ਕਿ ਮੋਦੀ ਦੇ 'ਵਕੀਲਾਂ' ਕੋਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਵਾਲਾਂ ਦਾ ਜਵਾਬ ਨਹੀਂ ਹੈ। (ਪੀਟੀਆਈ)