
ਲੜਕੀ ਦੀ ਹਾਲਤ ਗੰਭੀਰ, ਮੇਰਠ 'ਚ ਜ਼ੇਰੇ ਇਲਾਜ
ਮੇਰਠ - ਮੇਰਠ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 30 ਕਿਲੋਮੀਟਰ ਦੂਰ ਮਵਾਨਾ ਥਾਣਾ ਖੇਤਰ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਇੱਕ ਨੌਜਵਾਨ ਨੇ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਚੱਲਦੀ ਬੱਸ ਵਿੱਚ ਗੋਲ਼ੀ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਜ਼ਖਮੀ ਵਿਦਿਆਰਥਣ ਨੂੰ ਗੰਭੀਰ ਹਾਲਤ 'ਚ ਮੇਰਠ ਵਿਖੇ ਭਰਤੀ ਕਰਵਾਇਆ ਗਿਆ ਹੈ।
ਮਵਾਨਾ ਦੇ ਸਰਕਲ ਅਫ਼ਸਰ (ਸੀ.ਓ.) ਉਦੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਥਾਨਕ ਕ੍ਰਿਸ਼ਕ ਇੰਟਰ ਕਾਲਜ ਦੀ ਇੱਕ ਵਿਦਿਆਰਥਣ (ਉਮਰ ਕਰੀਬ 16 ਸਾਲ) ਸ਼ੁੱਕਰਵਾਰ ਦੁਪਹਿਰ ਨੂੰ ਇੱਕ ਨਿੱਜੀ ਬੱਸ 'ਚ ਮਵਾਨਾ ਨਗਰ ਤੋਂ ਘਰ ਵਾਪਸ ਆ ਰਹੀ ਸੀ।
ਉਸ ਨੇ ਦੱਸਿਆ ਕਿ ਜਦੋਂ ਬੱਸ ਨੀਲੌਹਾ ਕੋਲ ਪੁੱਜੀ ਤਾਂ ਉੱਤੇ ਬੱਸ ਰੁਕਵਾ ਕੇ 17-18 ਸਾਲਾ ਨੌਜਵਾਨ ਚੜ੍ਹਿਆ ਅਤੇ ਪਿਸਤੌਲ ਕੱਢ ਕੇ ਚੱਲਦੀ ਬੱਸ 'ਚ ਵਿਦਿਆਰਥਣ ਨੂੰ ਗੋਲ਼ੀ ਮਾਰ ਦਿੱਤੀ।
ਸਿੰਘ ਨੇ ਦੱਸਿਆ ਕਿ ਗੋਲ਼ੀ ਵਿਦਿਆਰਥਣ ਦੇ ਮੋਢੇ 'ਤੇ ਲੱਗੀ ਅਤੇ ਉਹ ਹੇਠਾਂ ਡਿੱਗ ਗਈ, ਜਦਕਿ ਨੌਜਵਾਨ ਪਿਸਤੌਲ ਲਹਿਰਾਉਂਦਾ ਬੱਸ ਤੋਂ ਹੇਠਾਂ ਉਤਰ ਗਿਆ ਅਤੇ ਬਾਈਕ 'ਤੇ ਫ਼ਰਾਰ ਹੋ ਗਿਆ।
ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੱਸ 'ਚ ਹਫੜਾ-ਦਫੜੀ ਮੱਚ ਗਈ। ਸੂਚਨਾ 'ਤੇ ਮੌਕੇ 'ਤੇ ਪਹੁੰਚੀ ਮਵਾਨਾ ਪੁਲਿਸ ਨੇ ਜ਼ਖਮੀ ਵਿਦਿਆਰਥਣ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਮੇਰਠ ਰੈਫ਼ਰ ਕਰ ਦਿੱਤਾ।
ਪੁਲਿਸ ਨੇ ਹਮਲਾਵਰ ਨੌਜਵਾਨ ਦੀ ਭਾਲ ਵਿੱਚ ਨਾਕਾਬੰਦੀ ਕੀਤੀ, ਪਰ ਉਹ ਭੱਜਣ ਵਿੱਚ ਕਾਮਯਾਬ ਰਿਹਾ।
ਸੀ.ਓ. ਨੇ ਦੱਸਿਆ ਕਿ ਹਮਲਾਵਰ ਦੀ ਪਛਾਣ ਰਾਜਨ ਵਜੋਂ ਹੋਈ ਹੈ, ਜੋ ਹਸਤਿਨਾਪੁਰ ਵਿੱਚ ਇੱਕ ਸੰਸਥਾ ਦਾ ਵਿਦਿਆਰਥੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮ ਬਣਾਈ ਗਈ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।