
14 ਟ੍ਰੈਵਲ ਏਜੰਟਾਂ ਵਿਰੁਧ FIR ਦਰਜ, ਬਹੁਤੇ ਪੰਜਾਬੀ,
- ਨਿਕਾਰਾਗੁਆ ਜਾ ਰਹੀ ਉਡਾਣ ’ਚ ਸਵਾਰ ਪੰਜਾਬ ਦੇ 200 ਮੁਸਾਫ਼ਰਾਂ ਨੂੰ ਕਿਹਾ ਗਿਆ ਸੀ ਕਿ ਉਹ ਫੜੇ ਜਾਣ ’ਤੇ ਅਮਰੀਕਾ ’ਚ ਪਨਾਹ ਲੈਣ ਲਈ ਖ਼ੁਦ ਨੂੰ ਖਾਲਿਸਤਾਨੀ ਦੱਸਣ
- ਨਿਕਾਰਾਗੁਆ ਜਾ ਰਹੇ ਜਹਾਜ਼ ਨੂੰ ਫਰਾਂਸ ਵਿਚ ਉਤਾਰਨ ਤੋਂ ਪਹਿਲਾਂ ਹੀ ਇਸ ਤਰੀਕੇ ਨਾਲ ਤਿੰਨ ਉਡਾਣਾਂ ਚਲਾਈਆਂ ਗਈਆਂ ਸਨ
ਅਹਿਮਦਾਬਾਦ: ਭਾਰਤੀਆਂ ਨੂੰ ਲੈ ਕੇ ਨਿਕਾਰਾਗੁਆ ਜਾ ਰਹੇ ਇਕ ਜਹਾਜ਼ ਨੂੰ ਮਨੁੱਖੀ ਤਸਕਰੀ ਦੇ ਦੋਸ਼ ’ਚ ਫਰਾਂਸ ’ਚ ਉਤਾਰਨ ਅਤੇ ਬਾਅਦ ’ਚ ਭਾਰਤ ਭੇਜੇ ਜਾਣ ਦੇ ਕੁੱਝ ਹਫ਼ਤਿਆਂ ਬਾਅਦ ਗੁਜਰਾਤ ਪੁਲਿਸ ਦੇ ਅਪਰਾਧ ਜਾਂਚ ਵਿਭਾਗ (CID) ਨੇ ਇਸ ਮਾਮਲੇ ’ਚ 14 ਟ੍ਰੈਵਲ ਏਜੰਟਾਂ ਵਿਰੁਧ ਐਫ.ਆਈ.ਆਰ. ਦਰਜ ਕੀਤੀ ਹੈ।
ਸੀ.ਆਈ.ਡੀ. ਨੇ ਉਸ ਜਾਣਕਾਰੀ ਦੇ ਆਧਾਰ ’ਤੇ 10 ਜਨਵਰੀ ਨੂੰ 14 ਮੁਲਜ਼ਮਾਂ ਵਿਰੁਧ ਆਈ.ਪੀ.ਸੀ. ਦੀ ਧਾਰਾ 370, 201 ਅਤੇ 120-ਬੀ ਤਹਿਤ ਐਫ.ਆਈ.ਆਰ. ਦਰਜ ਕੀਤੀ ਸੀ। ਗੁਜਰਾਤ ਸੀ.ਆਈ.ਡੀ. ਦੇ ਵਧੀਕ ਡੀ.ਜੀ.ਪੀ. ਰਾਜ ਕੁਮਾਰ ਪਾਂਡੀਅਨ ਨੇ ਕਿਹਾ, ‘‘ਅਸੀਂ ਉਨ੍ਹਾਂ ਨੂੰ ਫੜਨ ’ਤੇ ਕੰਮ ਕਰ ਰਹੇ ਹਾਂ।’’
ਮਨੁੱਖੀ ਤਸਕਰੀ ਦੇ ਤੌਰ-ਤਰੀਕਿਆਂ ਬਾਰੇ ਬੋਲਦਿਆਂ ਪਾਂਡੀਅਨ ਨੇ ਕਿਹਾ ਕਿ ਇਹ ਕੰਮ ਦਿੱਲੀ ਕੇਂਦਰਿਤ ਹੈ ਅਤੇ ਜ਼ਿਆਦਾਤਰ ਟਰੈਵਲ ਏਜੰਟ ਪੰਜਾਬ ਦੇ ਹਨ। ਉਨ੍ਹਾਂ ਕਿਹਾ, ‘‘ਮੁੱਖ ਏਜੰਟ ਪੰਜਾਬ ਤੋਂ ਹੁੰਦੇ ਹਨ। ਹਰ ਉਡਾਣ ਲਈ 300 ਮੁਸਾਫ਼ਰਾਂ ਦੀ ਲੋੜ ਹੁੰਦੀ ਹੈ। ਪੰਜਾਬ ’ਚੋਂ ਦੀ ਬੁਕਿੰਗ ਖਤਮ ਹੋਣ ਮਗਰੋਂ ਖਾਲੀ ਸੀਟਾਂ ਨੂੰ ਭਰਨ ਲਈ ਉਹ ਗੁਜਰਾਤ ਦੇ ਏਜੰਟਾਂ ਨਾਲ ਸੰਪਰਕ ਕਰਦੇ ਹਨ।’’
ਏ.ਡੀ.ਜੀ.ਪੀ. ਨੇ ਕਿਹਾ ਕਿ ਨਿਕਾਰਾਗੁਆ ਜਾ ਰਹੇ ਜਹਾਜ਼ ਨੂੰ ਫਰਾਂਸ ਵਿਚ ਉਤਾਰਨ ਤੋਂ ਪਹਿਲਾਂ ਹੀ ਇਸ ਤਰੀਕੇ ਨਾਲ ਤਿੰਨ ਉਡਾਣਾਂ ਚਲਾਈਆਂ ਜਾ ਚੁਕੀਆਂ ਸਨ। ਉਨ੍ਹਾਂ ਨੇ ਮੁਸਾਫ਼ਰਾਂ ਅਤੇ ਟ੍ਰੈਵਲ ਏਜੰਟਾਂ ਵਿਚਕਾਰ ਵਟਸਐਪ ਕਾਲਾਂ ਅਤੇ ਚੈਟਾਂ ਦੇ ਵੇਰਵੇ ਇਕੱਠੇ ਕੀਤੇ ਹਨ।
ਉਸ ਉਡਾਣ ’ਚ ਪੰਜਾਬ ਦੇ ਕਰੀਬ 200 ਲੋਕ ਸਵਾਰ ਸਨ, ਜਦਕਿ 66 ਗੁਜਰਾਤ ਦੇ ਸਨ। ਉਨ੍ਹਾਂ ਕਿਹਾ, ‘‘ਸਾਨੂੰ ਪਤਾ ਲੱਗਾ ਕਿ ਇਹ ਯਾਤਰਾਵਾਂ ਮੁੱਖ ਤੌਰ ’ਤੇ ਪੰਜਾਬੀਆਂ ਲਈ ਹਨ। ਅਧਿਕਾਰੀ ਨੇ ਕਿਹਾ ਕਿ ਜੇਕਰ ਉਡਾਣ ’ਚ ਕੁੱਝ ਸੀਟਾਂ ਖਾਲੀ ਰਹਿੰਦੀਆਂ ਹਨ ਤਾਂ ਦਿੱਲੀ ਦੇ ਏਜੰਟ ਗੁਜਰਾਤ ਦੇ ਏਜੰਟਾਂ ਨੂੰ ਉਨ੍ਹਾਂ ਲੋਕਾਂ ਦਾ ਪ੍ਰਬੰਧ ਕਰਨ ਲਈ ਕਹਿੰਦੇ ਹਨ ਜੋ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖਲ ਹੋਣ ਲਈ ਭੁਗਤਾਨ ਕਰਨ ਲਈ ਤਿਆਰ ਹਨ।’’
ਏਜੰਟਾਂ ਨੇ ਪੰਜਾਬ ਦੇ ਮੁਸਾਫ਼ਰਾਂ ਨੂੰ ਹਦਾਇਤ ਕੀਤੀ ਸੀ ਕਿ ਜੇਕਰ ਅਮਰੀਕੀ ਪੁਲਿਸ ਉਨ੍ਹਾਂ ਨੂੰ ਸਰਹੱਦ ’ਤੇ ਫੜ ਲੈਂਦੀ ਹੈ ਤਾਂ ਉਹ ਅਪਣੀ ਪਛਾਣ ਖਾਲਿਸਤਾਨੀ ਦੱਸਣ ਅਤੇ ਅਮਰੀਕਾ ਵਿਚ ਪਨਾਹ ਲੈਣ। ਹੋਰ ਮੁਸਾਫ਼ਰਾਂ ਲਈ ਕਹਾਣੀ ਵੱਖਰੀ ਸੀ। ਅਮਰੀਕਾ ’ਚ ਸਰਕਾਰ ਪਨਾਹ ਮੰਗਣ ਵਾਲਿਆਂ ਨੂੰ ਇਨਸਾਨੀਅਤ ਦੇ ਨਾਤੇ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ।