
ਕਿਹਾ, ਭਾਰਤੀ ਅਤੇ ਚੀਨੀ ਫ਼ੌਜਾਂ ਵਿਚਾਲੇ ਵਿਸ਼ਵਾਸ ਪੈਦਾ ਕਰਨ ਲਈ ਯਤਨ ਕੀਤੇ ਜਾਣ ਦੀ ਜ਼ਰੂਰਤ ਹੈ
ਨਵੀਂ ਦਿੱਲੀ, : ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਸੋਮਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ‘ਕੁੱਝ ਅੰਸ਼’ ਤਕ ਰੇੜਕਾ ਅਜੇ ਵੀ ਬਰਕਰਾਰ ਹੈ ਅਤੇ ਦੋਹਾਂ ਧਿਰਾਂ ਨੂੰ ਬੈਠਕ ਕਰਨ ਅਤੇ ਸਥਿਤੀ ਨੂੰ ਸ਼ਾਂਤ ਕਰਨ ਦੇ ਤਰੀਕੇ ’ਤੇ ਵਿਆਪਕ ਸਮਝ ਰੱਖਣ ਦੀ ਜ਼ਰੂਰਤ ਹੈ।
ਜਨਰਲ ਦਿਵੇਦੀ ਨੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ’ਤੇ ਸਥਿਤੀ ਨੂੰ ਸੰਵੇਦਨਸ਼ੀਲ ਪਰ ਸਥਿਰ ਦਸਿਆ। ਅਧਿਕਾਰੀਆਂ ਨੇ ਕਿਹਾ ਕਿ ਕੋਰ ਕਮਾਂਡਰਾਂ ਨੂੰ ਹੁਣ ਗਸ਼ਤ ਅਤੇ ਪਸ਼ੂਆਂ ਨੂੰ ਚਲਾਉਣ ਨਾਲ ਜੁੜੇ ‘ਮਾਮੂਲੀ’ ਮੁੱਦਿਆਂ ਜਾਂ ‘ਮਾਮੂਲੀ ਵਿਵਾਦਾਂ’ ਨੂੰ ਹੱਲ ਕਰਨ ਦੀਆਂ ਸ਼ਕਤੀਆਂ ਦਿਤੀ ਆਂ ਗਈਆਂ ਹਨ ਤਾਂ ਜੋ ਬਾਅਦ ਵਿਚ ਇਹ ‘ਵੱਡਾ ਮੁੱਦਾ’ ਨਾ ਬਣ ਜਾਣ।
15 ਜਨਵਰੀ ਨੂੰ ਫੌਜ ਦਿਵਸ ਤੋਂ ਪਹਿਲਾਂ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੌਜ ਮੁਖੀ ਨੇ ਇਹ ਵੀ ਕਿਹਾ ਕਿ ਬਫਰ ਜ਼ੋਨ ਵਰਗੀ ਕੋਈ ਚੀਜ਼ ਨਹੀਂ ਹੈ ਕਿਉਂਕਿ ਹਿੰਸਾ ਦੀ ਸੰਭਾਵਨਾ ਤੋਂ ਬਚਣ ਲਈ ਕੁੱਝ ਇਲਾਕਿਆਂ ਵਿਚ ਗਸ਼ਤ ਅਸਥਾਈ ਤੌਰ ’ਤੇ ਮੁਅੱਤਲ ਕਰ ਦਿਤੀ ਗਈ ਹੈ। ਅਪ੍ਰੈਲ 2020 ’ਚ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਖੇਤਰ ਦੇ ਵਿਕਾਸ ਬਾਰੇ ਗੱਲ ਕਰਦਿਆਂ ਜਨਰਲ ਦਿਵੇਦੀ ਨੇ ਕਿਹਾ ਕਿ ਦੋਹਾਂ ਧਿਰਾਂ ਨੇ ਖੇਤਰ ਨਾਲ ਛੇੜਛਾੜ ਕੀਤੀ ਹੈ, ਨਿਰਮਾਣ ਕਾਰਜ ਕੀਤੇ ਹਨ, ਫ਼ੌਜੀਆਂ ਦੀ ਤਾਇਨਾਤੀ ਕੀਤੀ ਹੈ ਅਤੇ ਫੌਜੀ ਸਾਜ਼ੋ-ਸਾਮਾਨ ਦਾ ਭੰਡਾਰ ਕੀਤਾ ਹੈ।
ਉਨ੍ਹਾਂ ਕਿਹਾ, ‘‘ਇਸ ਦਾ ਮਤਲਬ ਇਹ ਹੈ ਕਿ ਅਜੇ ਵੀ ਕੁੱਝ ਹੱਦ ਤਕ ਰੇੜਕਾ ਕਾਇਮ ਹੈ। ਹੁਣ ਜਦੋਂ ਤੁਸੀਂ ਅਪ੍ਰੈਲ 2020 ਤੋਂ ਬਾਅਦ ਸਥਿਤੀ ਬਦਲ ਦਿਤੀ ਹੈ, ਤਾਂ ਦੋਹਾਂ ਦੇਸ਼ਾਂ ਵਿਚਾਲੇ ਵਿਸ਼ਵਾਸ ਦੀ ਨਵੀਂ ਪਰਿਭਾਸ਼ਾ ਹੋਣੀ ਚਾਹੀਦੀ ਹੈ।’’
ਜਨਰਲ ਦਿਵੇਦੀ ਨੇ ਕਿਹਾ ਕਿ ਫੌਜ ਸਰਹੱਦੀ ਮੁੱਦਿਆਂ ’ਤੇ ਦੋਹਾਂ ਦੇਸ਼ਾਂ ਦੇ ਵਿਸ਼ੇਸ਼ ਪ੍ਰਤੀਨਿਧਾਂ ਦੀ ਅਗਲੀ ਬੈਠਕ ਦੇ ਨਾਲ-ਨਾਲ ਭਾਰਤ-ਚੀਨ ਸਰਹੱਦੀ ਮਾਮਲਿਆਂ ’ਤੇ ਡਬਲਯੂ.ਐਮ.ਸੀ.ਸੀ. (ਸਲਾਹ-ਮਸ਼ਵਰਾ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ) ਦੇ ਢਾਂਚੇ ਦੇ ਤਹਿਤ ਗੱਲਬਾਤ ਦੀ ਉਮੀਦ ਕਰ ਰਹੀ ਹੈ।
ਉਨ੍ਹਾਂ ਕਿਹਾ, ‘‘ਬੈਠਕਾਂ ਤੋਂ ਬਾਅਦ ਮਿਲੇ ਹਦਾਇਤਾਂ ਦੇ ਆਧਾਰ ’ਤੇ ਅਸੀਂ ਅੱਗੇ ਵਧਾਂਗੇ। ਪਿਛਲੇ ਸਾਲ 21 ਅਕਤੂਬਰ ਨੂੰ ਹੋਏ ਸਮਝੌਤੇ ਤੋਂ ਬਾਅਦ ਦੋਹਾਂ ਧਿਰਾਂ ਨੇ ਡੇਮਚੋਕ ਅਤੇ ਦੇਪਸਾਂਗ ਦੇ ਬਾਕੀ ਬਚੇ ਦੋ ਟਿਕਾਣਿਆਂ ਤੋਂ ਫ਼ੌਜੀਆਂ ਦੀ ਵਾਪਸੀ ਪੂਰੀ ਕਰ ਲਈ ਸੀ।’’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ 23 ਅਕਤੂਬਰ ਨੂੰ ਰੂਸ ਵਿਚ ਬ੍ਰਿਕਸ ਸਿਖਰ ਸੰਮੇਲਨ ਤੋਂ ਇਲਾਵਾ ਗੱਲਬਾਤ ਕੀਤੀ ਸੀ ਅਤੇ ਵੱਖ-ਵੱਖ ਦੁਵਲੇ ਸੰਵਾਦ ਪ੍ਰਣਾਲੀਆਂ ਨੂੰ ਮੁੜ ਸੁਰਜੀਤ ਕਰਨ ’ਤੇ ਸਹਿਮਤੀ ਪ੍ਰਗਟਾਈ ਸੀ। ਪਿਛਲੇ ਮਹੀਨੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਬੀਜਿੰਗ ਦਾ ਦੌਰਾ ਕੀਤਾ ਸੀ ਅਤੇ ਸਰਹੱਦੀ ਵਿਵਾਦ ’ਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਗੱਲਬਾਤ ਕੀਤੀ ਸੀ। ਜਨਰਲ ਦਿਵੇਦੀ ਨੇ ਕਿਹਾ, ‘‘ਜਿਵੇਂ ਕਿ ਤੁਸੀਂ ਜਾਣਦੇ ਹੋ, ਸਥਿਤੀ ਸੰਵੇਦਨਸ਼ੀਲ ਪਰ ਸਥਿਰ ਹੈ। ਅਕਤੂਬਰ 2024 ’ਚ ਪੂਰਬੀ ਲੱਦਾਖ ਦੇ ਦੇਪਸਾਂਗ ਅਤੇ ਡੇਮਚੋਕ ’ਚ ਸਥਿਤੀ ਸੁਲਝ ਗਈ ਸੀ।’’
ਐਲ.ਏ.ਸੀ. ’ਤੇ ਭਾਰਤ ਦੀ ਫੌਜੀ ਤਾਇਨਾਤੀ ਨੂੰ ਸੰਤੁਲਿਤ ਅਤੇ ਮਜ਼ਬੂਤ ਦਸਦੇ ਹੋਏ ਉਨ੍ਹਾਂ ਕਿਹਾ ਕਿ ਫੌਜ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਐਲ.ਏ.ਸੀ. ’ਤੇ ਸਮੁੱਚੀ ਸਥਿਤੀ ’ਤੇ ਫੌਜ ਮੁਖੀ ਨੇ ਕਿਹਾ, ‘‘ਅਸੀਂ ਸਰਹੱਦੀ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਸਮਰੱਥਾ ਵਿਕਾਸ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।’’
ਜੰਮੂ-ਕਸ਼ਮੀਰ ਦੀ ਸਥਿਤੀ ’ਤੇ ਉਨ੍ਹਾਂ ਕਿਹਾ ਕਿ ਸਮੁੱਚੀ ਸਥਿਤੀ ਕੰਟਰੋਲ ’ਚ ਹੈ ਅਤੇ ਕੰਟਰੋਲ ਰੇਖਾ ’ਤੇ ਪਾਕਿਸਤਾਨ ਨਾਲ ਜੰਗਬੰਦੀ ਸਮਝੌਤਾ ਬਰਕਰਾਰ ਹੈ।
ਇਸ ਦੇ ਨਾਲ ਹੀ ਫੌਜ ਮੁਖੀ ਨੇ ਕਿਹਾ ਕਿ ਘੁਸਪੈਠ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਪਾਕਿਸਤਾਨ ਵਾਲੇ ਪਾਸੇ ਅਤਿਵਾਦੀ ਢਾਂਚਾ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮਾਰੇ ਗਏ ਅਤਿਵਾਦੀਆਂ ਵਿਚੋਂ 60 ਫੀ ਸਦੀ ਪਾਕਿਸਤਾਨੀ ਮੂਲ ਦੇ ਸਨ।
ਮਨੀਪੁਰ ਦੇ ਮੁੱਦੇ ’ਤੇ ਫੌਜ ਮੁਖੀ ਜਨਰਲ ਦਿਵੇਦੀ ਨੇ ਕਿਹਾ ਕਿ ਸੁਰੱਖਿਆ ਬਲਾਂ ਦੇ ਤਾਲਮੇਲ ਯਤਨਾਂ ਅਤੇ ਸਰਕਾਰ ਦੀਆਂ ਸਰਗਰਮ ਪਹਿਲਕਦਮੀਆਂ ਸਦਕਾ ਸੂਬੇ ’ਚ ਸਥਿਤੀ ਕਾਬੂ ’ਚ ਆ ਗਈ ਹੈ। ਹਾਲਾਂਕਿ, ਫੌਜ ਮੁਖੀ ਨੇ ਕਿਹਾ ਕਿ ਮਨੀਪੁਰ ’ਚ ਹਿੰਸਾ ਜਾਰੀ ਹੈ ਅਤੇ ਹਥਿਆਰਬੰਦ ਬਲ ਖੇਤਰ ’ਚ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਿਆਂਮਾਰ ’ਚ ਸਥਿਤੀ ਦੇ ਕਿਸੇ ਵੀ ਪ੍ਰਭਾਵ ਨਾਲ ਨਜਿੱਠਣ ਲਈ ਭਾਰਤ-ਮਿਆਂਮਾਰ ਸਰਹੱਦ ’ਤੇ ਨਿਗਰਾਨੀ ਵਧਾ ਦਿਤੀ ਗਈ ਹੈ।