
ਗੀਤਾ ਦੀ ਕਰਮਸਥਲੀ ਕੁਰੂਕਸ਼ੇਤਰ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ ਭਰ 'ਦੇ ਵੱਖ ਵੱਖ ਸੂਬਿਆਂ 'ਚੋਂ ਸਵੱਛ ਭਾਰਤ ਮੁਹਿੰਮ.....
ਚੰਡੀਗੜ੍ਹ : ਗੀਤਾ ਦੀ ਕਰਮਸਥਲੀ ਕੁਰੂਕਸ਼ੇਤਰ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ ਭਰ 'ਦੇ ਵੱਖ ਵੱਖ ਸੂਬਿਆਂ 'ਚੋਂ ਸਵੱਛ ਭਾਰਤ ਮੁਹਿੰਮ 'ਚ ਮੁਹਰੀ ਰਹਿਣ ਵਾਲੀਆਂ ਮਹਿਲਾ ਸਰਪੰਚਾਂ ਨੂੰ ਸਵੱਛ ਸ਼ਕਤੀ ਪੁਰਸਕਾਰ 2018 ਨਾਲ ਸਨਮਾਨਤ ਕੀਤਾ। ਨਰਿੰਦਰ ਮੋਦੀ ਅੱਜ ਦੁਪਹਿਰ 1 ਵਜੇ ਕੁਰੂਕਸ਼ੇਤਰ ਦੇ ਮੇਲਾ ਗਰਾਊਂਡ 'ਚ ਰਖੇ ਗਏ ਇਸ ਵਿਸ਼ੇਸ਼ ਸਮਾਗਮ 'ਚ ਉਚੇਚੇ ਤੌਰ 'ਤੇ ਪਹੁੰਚੇ ਸਨ। ਉਨ੍ਹਾਂ ਇਸ ਮੌਕੇ ਦੇਸ਼ ਦੇ ਵੱਖ ਵੱਖ ਸੂਬਿਆਂ 'ਚੋਂ 15 ਹਜ਼ਾਰ ਤੋਂ ਵੱਧ ਗਿਣਤੀ 'ਚ ਪਹੁੰਚੀਆਂ ਸਵੱਛ ਭਾਰਤ ਮੁਹਿੰਮ ਨਾਲ ਜੁੜੀਆਂ ਕਾਰਜਕਰਤਾਵਾਂ ਅਤੇ ਹਰਿਆਣਾ ਵਾਸੀਆਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਉਮਾ ਭਾਰਤੀ, ਹਰਿਆਣਾ ਦੇ ਰਾਜਪਾਲ ਸਤਿਆਦੇਵ ਨਾਰਾਇਣ ਆਰੀਆ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਵਿਧਾਇਕ ਸੁਭਾਸ਼ ਬਰਾਲਾ, ਵਿਧਾਇਕ ਸੁਭਾਸ਼ ਸੁਧਾ, ਵਿਧਾਇਕ ਪਵਨ ਸੈਣੀ ਸਮੇਤੀ ਵੱਡੀ ਗਿਣਤੀ 'ਚ ਪਾਰਟੀ ਕਾਰਜਕਰਤਾ ਹਾਜਰ ਸਨ। ਨਰਿੰਦਰ ਮੋਦੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਮਨੋਹਰ ਦੀ ਸਰਕਾਰ ਨੇ ਸੂਬੇ ਨੂੰ ਦੇਸ਼ ਦੀ ਪਹਿਲੀ ਕਤਾਰ ਵਿਚ ਖੜਾ ਕਰ ਦਿਤਾ ਹੈ ਜਿਸ ਲਈ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਸੇਹਤ ਅਤੇ ਆਯੂਸ਼ ਵਿਭਾਗ ਦੀਆਂ ਕਰੀਬ 1550 ਕਰੋੜ ਰੁਪਏ ਦੀ ਲਾਗਤ
ਨਾਲ ਤਿਆਰ ਹੋਣ ਵਾਲੀਆਂ ਵੱਖ ਵੱਖ ਨਵੀਆਂ 3 ਪਰਯੋਜਨਾਵਾਂ ਨੀਂਹ ਪੱਥਰ ਰਖਿਆ । ਇਸ ਵਿਚ 475 ਕਰੋੜ ਰੁਪਏ ਦੀ ਲਾਗਤ ਨਾਲ ਆਪਣੇ ਆਪ 'ਚ ਨਵੇਕਲੀ ਅਤੇ ਦੁਨੀਆਂ ਦੀ ਪਹਿਲੀ ਯੂਨੀਵਰਸਿਟੀ ਸ੍ਰੀ ਕ੍ਰਿਸ਼ਨਾ ਆਯੂਸ਼ ਯੂਨੀਵਰਸਿਟੀ ਕੁਰੂਕਸ਼ੇਤਰ, ਪੰਡਤ ਦੀਨ ਦਿਆਲ ਉਪਾਧਿਆਏ ਸਿਹਤ ਵਿਗਿਆਨ ਯੂਨੀਵਰਸਿਟੀ ਕਰਨਾਲ ਦੇ ਕੁਟੇਲ 'ਚ ਜੋ 144 ਏਕੜ 'ਚ ਕਰੀਬ 750 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਅਤੇ ਰਾਸ਼ਟਰੀ ਆਯੁਰਵੇਦ ਸੰਸਥਾਨ ਪੰਚਕੂਲਾ 19.87 ਏਕੜ 'ਚ 270.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।
ਫਰੀਦਾਬਾਦ 'ਚ ਈਐਸਆਈਸੀ ਮੈਡੀਕਲ ਕਾਲੇਜ ਅਤੇ ਹਸਪਤਾਲ ਦਾ ਉਦਘਾਟਨ ਕੀਤਾ। ਇਸ ਮੌਕੇ ਪਾਨੀਪਤ ਵਿਖੇ ਬਣਾਏ ਜਾਣੇ ਵਾਲੇ ਪਾਨੀਪਤ ਦੀ ਲੜਾਈ 'ਤੇ ਅਜਾਇਬਘਰ ਦਾ ਨੀਂਹ ਪੱਥਰ ਰਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਵੱਲੋਂ 2035 ਕਰੋੜ ਰੁਪਏ ਦੀ ਲਾਗਤ ਨਾਲ ਝੱਜਰ 'ਚ ਬਣਾਏ ਗਏ ਕੈਂਸਰ ਹਸਪਤਾਲ ਦਾ ਰਿਮੋਟ ਰਾਹੀਂ ਉਦਘਾਟਨ ਕੀਤਾ। ਮੋਦੀ ਨੇ ਰੈਲੀ ਸਥਾਨ 'ਤੇ ਪਹੁੰਚਣ ਤੋਂ ਪਹਿਲਾਂ ਹਰਿਆਣਾ ਸਰਕਾਰ ਵੱਲੋਂ ਸਵੱਛ ਭਾਰਤ ਨਾਲ ਸਬੰਧਤ ਬਣਾਈਆਂ ਗਈਆਂ ਝਲਕੀਆਂ ਦਾ ਅਵਲੋਕਨ ਕੀਤਾ ਜਿਸ ਵਿਚ ਵੱਖ ਵੱਖ ਸਟਾਈਲ ਅਤੇ ਰੰਗਾਂ ਨਾਲ ਟੁਆਇਲਟਾਂ ਦੇ ਮਾਡਲ ਬਣਾਏ ਗਏ ਸਨ।
ਹਰਿਆਣਾ ਨੂੰ ਸਵੱਛਤਾ ਮੁਹਿੰਮ 'ਚ ਦੇਸ਼ ਭਰ 'ਚੋਂ ਮੁਹਰਲੀ ਕਤਾਰ 'ਚ ਆਉਣ 'ਤੇ ਉਨ੍ਹਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵਧਾਈ ਦਿੰਦਿਆਂ ਆਖਿਆ ਕਿ ਅੱਜ ਇਸ ਸਮਾਗਮ 'ਚ ਭਾਰਤ ਦੇ ਵੱਖ ਵੱਖ ਸੂਬਿਆਂ 'ਚੋਂ ਤਾਂ ਸਵੱਛ ਭਾਰਤ ਨਾਲ ਜੁੜੀਆਂ ਸੰਸਥਾਵਾਂ ਤਾਂ ਆਈਆਂ ਹੀ ਹਨ ਇਸ ਦੇ ਨਾਲ ਵਿਦੇਸ਼ਾਂ ਦੇ ਡੇਲੀਗੇਟ ਵੀ ਇਥੇ ਪਹੁੰਚੇ ਹਨ। ਉਨ੍ਹਾਂ ਇਸ ਸਮਾਗਮ 'ਚ ਨਾਈਜੀਰੀਆਂ ਤੋਂ ਪਹੁੰਚੇ ਡੇਲੀਗੇਟਾਂ ਨੂੰ ਜੀ ਆਇਆਂ ਆਖਿਆ। ਮੋਦੀ ਨੇ ਆਖਿਆ ਕਿ ਮੈਂ ਭਾਰਤ ਦਾ ਪ੍ਰਧਾਨ ਸੇਵਕ ਬਣਨ ਤੋਂ ਪਹਿਲਾਂ ਵੀ ਕੁਰੂਕਸ਼ੇਤਰ ਦੀ ਧਰਤੀ 'ਤੇ ਸਿਜਦਾ ਕੀਤਾ ਸੀ ਅਤੇ ਤੁਹਾਡੇ ਆਸ਼ੀਰਵਾਦ ਸਦਕਾ ਅਸੀਂ ਦੇਸ਼ ਨੂੰ ਵਿਕਾਸਸ਼ੀਲ ਬਨਾਉਣ 'ਚ ਸਫਲ ਹੋਏ ਹਾਂ।
ਉਨ੍ਹਾਂ ਆਖਿਆ ਕਿ ਮੈਂ ਜਦੋਂ ਲਾਲ ਕਿਲੇ ਤੋਂ ਸਵੱਛ ਭਾਰਤ ਦੀ ਮੁਹਿੰਮ ਦਾ ਐਲਾਨ ਕੀਤਾ ਸੀ ਤਾਂ ਮੈਨੂੰ ਕਈ ਟਿੱਪਣੀਆਂ ਦਾ ਸ਼ਿਕਾਰ ਹੋਣਾ ਪਿਆ ਸੀ ਵਿਰੋਧੀ ਆਖਦੇ ਸਨ ਇਹ ਲਾਲ ਕਿਲੇ ਤੋਂ ਟੁਆਇਲਟਾਂ ਦੀ ਗੱਲ ਕਰ ਰਿਹਾ ਹੈ ਪਰ ਅਸੀਂ ਆਪਣੇ ਮਿਸ਼ਨ ਵਿਚ ਕਾਮਯਾਬ ਹੋਏ ਅਤੇ ਅੱਜ ਭਾਰਤ ਇਕ ਨਵੀਂ ਮਿਸਾਲ ਬਣ ਗਿਆ ਹੈ। ਉਨ੍ਹਾਂ ਆਖਿਆ ਕਿ ਸਵੱਛ ਭਾਰਤ ਦੇ ਮਿਸ਼ਨ ਵਿਚ ਨਾਰੀ ਸ਼ਕਤੀ ਦਾ ਬੜਾ ਵੱਡਾ ਯੋਗਦਾਨ ਰਿਹਾ ਹੈ ਜਿਨ੍ਹਾਂ ਨੇ ਮਰਦਾਂ ਨਾਲੋ ਵੱਧ ਅੱਗੇ ਆ ਕੇ ਇਸ ਮਿਸ਼ਨ ਨੂੰ ਸਫਲਤਾ ਦਿੱਤੀ ਹੈ। ਉਨ੍ਹਾਂ ਆਖਿਆ ਕਿ ਆਮ ਲੋਕਾਂ ਲਈ ਹੈਰਾਨੀ ਦੀ ਗੱਲ ਹੋਵੇਗੀ ਜਦੋਂ ਇਕ ਮਹੀਨੇ ਦੇ ਅੰਦਰ ਅੰਦਰ 1.25 ਕਰੋੜ ਤੋਂ ਵੱਧ ਗਿਣਤੀ ਦੇ ਇਨ੍ਹਾਂ ਇੱਜਤ ਘਰਾਂ ਨੂੰ ਪੇਂਟਿੰਗ ਰਾਹੀਂ ਵੱਖ ਵੱਖ ਰੰਗਾਂ ਨਾਲ ਸਜਾਇਆ ਗਿਆ।
ਉਨ੍ਹਾਂ ਆਖਿਆ ਕਿ ਇਸ ਸਵੱਛਤਾ ਮੁਹਿੰਮ ਦੌਰਾਨ ਨਾਰੀ ਸ਼ਕਤੀ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਇਸ ਮੰਚ ਰਾਹੀਂ ਸਭਾ ਨੂੰ ਸੰਬੋਧਤ ਕਰਦੇ ਹੋਏ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਕਿਹਾ, ਕਿ ਹਰ ਈਮਾਨਦਾਰ ਨੂੰ ਇਸ ਚੌਂਕੀਦਾਰ ਤੇ ਵਿਸ਼ਵਾਸ ਹੈ, ਲੇਕਿਨ ਜੋ ਭ੍ਰਿਸ਼ਟ ਹਨ ਉਹਨਾਂ ਨੂੰ ਮੋਦੀ ਤੋਂ ਕਸ਼ਟ ਹੈ । ਹਰਿਆਣਾ ਵਿੱਚ ਵੀ ਜਾਂਚ ਏਜੇਂਸੀਆਂ ਦੀ ਕਾਰਵਾਈਆਂ ਨਾਲ ਕਈਆਂ ਦੇ ਪਸੀਨੇ ਛੁਟ ਰਹੇ ਹਨ ਅਤੇ ਮਹਾ ਮਿਲਾਵਟ ਵਾਲੇ ਇਹ ਸਭ ਜਾਂਚ ਏਜੇਂਸੀਆਂ ਨੂੰ ਧਮਕਾਉਣ ਵਿੱਚ ਜੁਟੇ ਹੋਏ ਹਨ ।
ਉਹਨਾਂ ਭਰੋਸਾ ਦਿੰਦੇ ਹੋਏ ਕਿਹਾ ਕਿ ਇਹ ਚੌਂਕੀਦਾਰ ਇਹਨਾਂ ਦੀਆਂ ਧਮਕੀਆਂ ਅਤੇ ਗਾਲਾਂ ਤੋਂ ਡਰਨ ਵਾਲਾ ਨਹੀਂ ਹੈ ਅਤੇ ਨਾਂ ਹੀ ਰੁਕਣ ਵਾਲਾ ਅਤੇ ਝੁਕਣ ਵਾਲਾ ਹੈ। ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਦਵਾਉਣਾ ਲਈ ਸਾਡਾ ਸਫਾਈ ਅਭਿਆਨ ਹੋਰ ਤੇਜ ਹੋਣ ਵਾਲਾ ਹੈ। ਮੋਦੀ ਨੇ ਕਿਹਾ, ਆਜ਼ਾਦੀ ਦੇ ਲੱਗਭੱਗ 70 ਸਾਲਾਂ ਵਿੱਚ ਸਫਾਈ ਦਾ ਜੋ ਦਾਇਰਾ 40 ਫ਼ੀਸਦੀ ਸੀ ਉਹ ਹੁਣ ਵੱਧ ਕੇ 98 ਫ਼ੀਸਦੀ ਪਹੁੰਚ ਗਿਆ ਹੈ । ਸਾਡੇ ਚਾਰ ਸਾਲਾਂ ਵਿੱਚ 10 ਕਰੋੜ ਤੋਂ ਜਿਆਦਾ ਟਾਇਲੇਟ ਬਣਾਏ ਜਾ ਚੁੱਕੇ ਹਨ । 600 ਜਿਲ੍ਹਿਆਂ ਦੇ ਪਿੰਡਾਂ ਨੂੰ ਖੁੱਲ੍ਹੇ ਤੋਂ ਸ਼ੌਚ ਮੁਕਤ ਕਰ ਦਿੱਤਾ ਹੈ ।
ਇਹ ਸਾਰੇ ਕੰਮ ਇਸ ਲਈ ਹੋ ਰਹੇ ਹਨ, ਕਿਉਂਕਿ ਸਾਡੇ ਚਾਰ ਸਾਲ ਪਹਿਲਾਂ ਸਾਰੀ ਥਾਂ ਬਹੁਮਤ ਦੀ ਸਰਕਾਰ ਬਣਾਈ ਗਈ ਸੀ ਅਤੇ ਉਸ ਵਿਸ਼ਵਾਸ 'ਤੇ ਚਲਦੇ ਹੋਏ ਗਰੀਬਾਂ ਦਾ ਹੱਕ ਲੁੱਟਣ ਵਾਲਿਆਂ ਨੂੰ ਸਭ ਵਿਵਸਥਾਵਾਂ ਤੋਂ ਬਾਹਰ ਕਡ ਦਿੱਤਾ ਗਿਆ ਹੈ । ਇਸ ਮੌਕੇ ਕੇਂਦਰੀ ਮੰਤਰੀ ਉਮਾ ਭਾਰਤੀ, ਹਰਿਆਣਾ ਦੇ ਰਾਜਪਾਲ ਸਤਨਾਰਾਇਣ ਆਰੀਆ, ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੈਬਨਿਟ ਮੰਤਰੀ ਕਵਿਤਾ ਜੈਨ ਨੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਹਰਿਆਣਾ ਦੇ ਰਾਜਪਾਲ ਨੇ ਸਵੱਛ ਮੁਹਿੰਮ 'ਤੇ ਛਾਪੀ ਗਈ ਇਕ ਕਿਤਾਬ ਦੀ ਘੁੰਡ ਚੁਕਾਈ ਕੀਤੀ।