
ਸਿਮਰਤੀ ਈਰਾਨੀ ਦੀ ਸਿਲੰਡਰ ਵਾਲੀ ਫ਼ੋਟੋ 'ਤੇ ਰਾਹੁਲ ਨੇ ਕੱਸਿਆ ਤੰਜ
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਵਧਾਈਆਂ ਗਈਆਂ ਘਰੇਲੂ ਗੈਸ ਦੀਆਂ ਕੀਮਤਾਂ ਨੇ ਸਿਆਸੀ ਤੂਫ਼ਾਨ ਖੜ੍ਹਾ ਕਰ ਦਿਤਾ ਹੈ। ਇਸ ਕਾਰਨ ਜਿੱਥੇ ਆਮ ਲੋਕਾਂ 'ਚ ਸਰਕਾਰ ਖਿਲਾਫ਼ ਗੁੱਸਾ ਹੈ ਉਥੇ ਕਾਂਗਰਸ ਨੂੰ ਵੀ ਬੈਠੇ-ਬਠਾਏ ਸਰਕਾਰ ਨੂੰ ਘੇਰਣ ਲਈ ਹਥਿਆਰ ਮਿਲ ਗਿਆ ਹੈ। ਇਸੇ ਤਹਿਤ ਰਾਹੁਲ ਗਾਂਧੀ ਨੇ ਭਾਜਪਾ ਆਗੂ ਸਿਮਰਤੀ ਇਰਾਨੀ ਦੀ ਸਿਲੰਡਰ ਸਮੇਤ ਪ੍ਰਦਰਸ਼ਨ ਵਾਲੀ ਪੁਰਾਣੀ ਤਸਵੀਰ ਜ਼ਰੀਏ ਭਾਜਪਾ 'ਤੇ ਹਮਲਾ ਬੋਲਿਆ ਹੈ।
Photo
ਰਾਹੁਲ ਗਾਂਧੀ ਨੇ ਸਿਮਰਤੀ ਇਰਾਨੀ ਦੀ ਟਵੀਟ ਜ਼ਰੀਏ ਇਕ ਪੁਰਾਣੀ ਤਸਵੀਰ ਜਾਰੀ ਕੀਤੀ ਹੈ, ਜਿਸ ਵਿਚ ਉਹ ਭਾਜਪਾ ਵਰਕਰਾਂ ਨਾਲ ਵਧੀਆ ਗੈਸ ਕੀਮਤਾਂ ਖਿਲਾਫ਼ ਹੱਥ 'ਚ ਸਿਲੰਡਰ ਫੜੀ ਪ੍ਰਦਰਸ਼ਨ ਕਰਦੀ ਵਿਖਾਈ ਦੇ ਰਹੀ ਹੈ।
Photo
ਇਹ ਤਸਵੀਰ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵੇਲੇ ਦੀ ਹੈ। ਉਸ ਵਕਤ ਯੂਪੀਏ ਸਰਕਾਰ ਵਲੋਂ ਘਰੇਲੂ ਗੈਸ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਸੀ, ਜਿਸ ਖਿਲਾਫ਼ ਸਿਮਰਤੀ ਇਰਾਨੀ ਭਾਜਪਾ ਵਰਕਰਾਂ ਨਾਲ ਗੈਸ ਸਿਲੰਡਰ ਸਮੇਤ ਸੜਕਾਂ 'ਤੇ ਉਤਰੀ ਸੀ।
Photo
ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਕਿ 'ਮੈਂ ਘਰੇਲੂ ਗੈਸ ਦੀਆਂ 150 ਰੁਪਏ ਵਧਾਈਆਂ ਕੀਮਤਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਭਾਜਪਾ ਆਗੂਆਂ ਨਾਲ ਸਹਿਮਤ ਹਾਂ।' ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੋਂ ਘਰੇਲੂ ਗੈਸ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
Photo
ਕਾਬਲੇਗੌਰ ਹੈ ਕਿ ਬੁੱਧਵਾਰ ਨੂੰ ਪਟਰੋਲੀਅਮ ਕੰਪਨੀਆਂ ਨੇ ਖਪਤਕਾਰਾਂ ਨੂੰ ਵੱਡਾ ਝਟਕਾ ਦਿੰਦਿਆਂ ਘਰੇਲੂ ਗੈਸ ਦੀਆਂ ਕੀਮਤਾਂ ਵਿਚ 150 ਰੁਪਏ ਤਕ ਦਾ ਵਾਧਾ ਕਰ ਦਿਤਾ ਸੀ। ਵਧੀਆ ਕੀਮਤਾਂ ਤੋਂ ਬਾਅਦ ਖਪਤਕਾਰਾਂ ਨੂੰ ਹੁਣ ਦਿੱਲੀ ਵਿਚ 144.50 ਰੁਪਏ, ਕੋਲਕਾਤਾ 'ਚ 149 ਰੁਪਏ, ਮੁੰਬਈ 'ਚ 145 ਰੁਪਏ ਅਤੇ ਚੇਨਈ ਵਿਚ 147 ਰੁਪਏ ਵਧੇਰੇ ਅਦਾ ਕਰਨੇ ਪੈਣਗੇ।
Photo
ਕੇਂਦਰ ਸਰਕਾਰ ਵਲੋਂ ਕੀਤੇ ਗਏ ਇਸ ਵਾਧੇ ਨੂੰ ਦਿੱਲੀ ਦੇ ਚੋਣ ਨਤੀਜਿਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। 11 ਫ਼ਰਵਰੀ ਨੂੰ ਆਏ ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜਿਆਂ ਵਿਚ ਪੂਰਾ ਤਾਕਤ ਲਾਉਣ ਦੇ ਬਾਵਜੂਦ ਭਾਜਪਾ ਨੂੰ ਕੇਵਲ 8 ਸੀਟਾਂ 'ਤੇ ਸਬਰ ਕਰਨਾ ਪਿਆ ਜਦਕਿ ਆਮ ਆਦਮੀ ਪਾਰਟੀ ਨੇ 70 ਵਿਚੋਂ 62 ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿਤਾ ਸੀ।