
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ।
ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਲਖਨਊ ਵਿਚ ਬੰਬ ਧਮਾਕਾ ਹੋਇਆ ਹੈ। ਜਾਣਕਾਰੀ ਮੁਤਾਬਕ ਲਖਨਊ ਸਥਿਤ ਵਜ਼ੀਰਗੰਜ ਕੋਰਟ ਵਿਚ ਜ਼ਬਰਦਸਤ ਬੰਬ ਧਮਾਕੇ ਨਾਲ ਲੋਕ ਦਹਿਲ ਉੱਠੇ ਹਨ।
ਇਸ ਬੰਬ ਧਮਾਕੇ ਵਿਚ ਕਈ ਵਕੀਲ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਲਖਨਊ ਬਾਰ ਐਸੋਸੀਏਸ਼ਨ ਦੇ ਅਧਿਕਾਰੀ ‘ਤੇ ਕੋਰਟ ਅੰਦਰ ਬੰਬ ਨਾਲ ਹਮਲਾ ਕੀਤਾ ਗਿਆ ਸੀ। ਪੁਲਿਸ ਨੇ ਤਿੰਨ ਜ਼ਿੰਦਾ ਬੰਬ ਵੀ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਕ ਬੰਬ ਫਟਣ ਨਾਲ ਕੋਰਟ ਵਿਚ ਹਫੜਾ-ਦਫੜੀ ਮਚ ਗਈ ਹੈ।
ਕਿਹਾ ਜਾ ਰਿਹਾ ਹੈ ਕਿ ਇਹ ਧਮਾਕਾ ਵਕੀਲ ਸੰਜੀਵ ਲੋਧੀ ਨੂੰ ਨਿਸ਼ਾਨੇ ‘ਤੇ ਲੈ ਕੇ ਕੀਤਾ ਗਿਆ ਹੈ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਲਖਨਊ ਬਾਰ ਐਸੋਸੀਏਸ਼ਨ ਦੇ ਅਧਿਕਾਰੀ ਸੰਜੀਵ ਲੋਧੀ ਜ਼ਖਮੀ ਹੋ ਗਏ ਹਨ। ਹਮਲੇ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਬਾਰ ਕਾਊਂਸਿਲ ਵਿਚ ਸ਼ਿਕਾਇਤ ਕਰਨ ਤੋਂ ਬਾਅਦ ਵਕੀਲ ਨੂੰ ਧਮਕੀ ਮਿਲੀ ਸੀ।
ਜਿਸ ਤੋਂ ਬਾਅਦ 2 ਵਕੀਲਾਂ ਵਿਚ ਆਪਸੀ ਵਿਵਾਦ ਦੇ ਚਲਦਿਆਂ ਇਹ ਹਮਲਾ ਹੋਇਆ ਹੈ। ਇਸ ਹਮਲ਼ੇ ਤੋਂ ਬਾਅਦ ਵਕੀਲਾਂ ਵਿਚ ਕਾਫੀ ਨਰਾਜ਼ਗੀ ਦੇਖੀ ਜਾ ਰਹੀ ਹੈ। ਵਕੀਲ ਰੋਸ ਵਿਚ ਕੋਰਟ ਤੋਂ ਬਾਹਰ ਜਮਾਂ ਹੋ ਗਏ ਹਨ। ਪੁਲਿਸ ਖੋਜੀ ਕੁੱਤਿਆਂ ਦੀ ਮਦਦ ਨਾਲ ਹਮਲਾਵਰਾਂ ਦੀ ਤਲਾਸ਼ ਵਿਚ ਜੁਟੀ ਹੋਈ ਹੈ। ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਦੇਸੀ ਬੰਬ ਨਾਲ ਇਹ ਹਮਲਾ ਵਕੀਲ ਸੰਜੀਵ ਲੋਧੀ ਦੇ ਚੈਂਬਰ ਵਿਚ ਕੀਤਾ ਗਿਆ ਹੈ।
ਹਮਲੇ ਦਾ ਇਲਜ਼ਾਮ ਜੀਤੂ ਯਾਦਵ ਨਾਂਅ ਦੇ ਇਕ ਵਕੀਲ ‘ਤੇ ਲੱਗਿਆ ਹੈ। ਸੰਜੀਵ ਲੋਧੀ ਐਸੋਸੀਏਸ਼ਨ ਬਾਰ ਦੇ ਸੰਯੁਕਤ ਮੰਤਰੀ ਵੀ ਹਨ। ਸੰਜੀਵ ਨੇ ਪੁਲਿਸ ‘ਤੇ ਵੀ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਵਿਚ ਕਈ ਆਮ ਲੋਕ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਲਿਜਾਇਆ ਗਿਆ ਹੈ।